Turkey Kashmir Issue: ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਵਿੱਚ ਮੁੜ ਚੁੱਕਿਆ ਕਸ਼ਮੀਰ ਦਾ ਮੁੱਦਾ

Turkey Kashmir Issue: ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਵਿੱਚ ਮੁੜ ਚੁੱਕਿਆ ਕਸ਼ਮੀਰ ਦਾ ਮੁੱਦਾ

ਨਿਊਯਾਰਕ : ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਈਅਪ ਏਰਦੋਗਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇੱਕ ਵਾਰ ਮੁੜ ਕਸ਼ਮੀਰ ਦਾ ਮੁੱਦਾ ਚੁੱਕਿਆ ਹੈ।  ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਵਿੱਚ ਆਪਣੇ ਸੰਬੋਧਨ ਦੌਰਾਨ ਏਰਦੋਗਾਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ। ਏਰਦੋਗਾਨ 2019 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਸ਼ਮੀਰ ਦਾ ਜ਼ਿਕਰ ਕਰਦੇ ਆਏ ਹਨ। 2024 ਨੂੰ ਛੱਡ ਕੇ ਉਹ ਹੁਣ ਤੱਕ ਸੱਤ ਵਾਰ ਆਪਣੇ ਭਾਸ਼ਣਾਂ ਵਿੱਚ ਕਸ਼ਮੀਰ ਦਾ ਮੁੱਦਾ ਚੁੱਕ ਚੁੱਕੇ ਹਨ। ਭਾਰਤ ਪਹਿਲਾਂ ਵੀ ਏਰਦੋਗਾਨ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਰੱਦ ਕਰਦਾ ਰਿਹਾ ਹੈ ਅਤੇ ਕਹਿੰਦਾ ਰਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਏਰਦੋਗਾਨ ਨੇ ਆਪਣੇ ਭਾਸ਼ਣ ਵਿੱਚ ਫਲਸਤੀਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ। ਉਨ੍ਹਾਂ ਨੇ ਗਾਜ਼ਾ ਵਿੱਚ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਅਤੇ ਫਲਸਤੀਨੀਆਂ ਦੇ ਹੱਕ ਵਿੱਚ ਆਪਣਾ ਪੱਖ ਰੱਖਿਆ।

ਏਰਦੋਗਾਨ ਵੱਲੋਂ ਫਲਸਤੀਨ ਦਾ ਜ਼ਿਕਰ ਕੀਤੇ ਜਾਣ ਦੌਰਾਨ ਇਜ਼ਰਾਈਲ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਹਾਲ ਤੋਂ ਬਾਹਰ ਚਲੇ ਗਏ। ਇਸ ਕਾਰਨ ਏਰਦੋਗਾਨ ਦੇ ਭਾਸ਼ਣ ਦੌਰਾਨ ਹਾਲ ਵਿੱਚ ਮੌਜੂਦਗੀ ਅਤੇ ਪ੍ਰਤੀਕਿਰਿਆ ਵੀ ਚਰਚਾ ਦਾ ਵਿਸ਼ਾ ਬਣੀ।

ਕੀ ਹੁੰਦੀ ਹੈ ਸੰਯੁਕਤ ਰਾਸ਼ਟਰ ਦੀ ਜਨਰਲ ਡਿਬੇਟ?

ਸੰਯੁਕਤ ਰਾਸ਼ਟਰ ਦੀ ਜਨਰਲ ਡਿਬੇਟ ਉਹ ਮੌਕਾ ਹੈ ਜਦੋਂ ਸੰਯੁਕਤ ਰਾਸ਼ਟਰ ਦੇ ਲਗਪਗ ਸਾਰੇ ਮੈਂਬਰ ਦੇਸ਼ ਇੱਕੋ ਮੰਚ ਤੋਂ ਦੁਨੀਆ ਸਾਹਮਣੇ ਆਪਣੀ ਗੱਲ ਰੱਖਦੇ ਹਨ। ਸੰਯੁਕਤ ਰਾਸ਼ਟਰ ਵਿੱਚ ਕੁੱਲ 193 ਮੈਂਬਰ ਦੇਸ਼ ਹਨ ਅਤੇ ਮਹਾਸਭਾ ਵਿੱਚ ਹਰ ਦੇਸ਼ ਕੋਲ ਇੱਕ ਵੋਟ ਹੁੰਦਾ ਹੈ। ਹਰ ਸਾਲ ਸਤੰਬਰ ਵਿੱਚ ਇਨ੍ਹਾਂ ਦੇਸ਼ਾਂ ਦੇ ਆਗੂ ਜਾਂ ਸੀਨੀਅਰ ਨੁਮਾਇੰਦੇ ਨਿਊਯਾਰਕ ਪਹੁੰਚਦੇ ਹਨ। ਉਹ ਆਪਣੇ ਦੇਸ਼ ਦੀਆਂ ਸਮੱਸਿਆਵਾਂ, ਤਰਜੀਹਾਂ ਅਤੇ ਦੁਨੀਆ ਨਾਲ ਜੁੜੇ ਅਹਿਮ ਮੁੱਦਿਆਂ ਬਾਰੇ ਭਾਸ਼ਣ ਦਿੰਦੇ ਹਨ।

ਇਸੇ ਪ੍ਰਕਿਰਿਆ ਨੂੰ ‘ਜਨਰਲ ਡਿਬੇਟ’ ਜਾਂ ਆਮ ਬਹਿਸ ਕਿਹਾ ਜਾਂਦਾ ਹੈ। ਹਾਲਾਂਕਿ ਇੱਥੇ ਆਗੂ ਇੱਕ-ਦੂਜੇ ਦੇ ਸਾਹਮਣੇ ਬੈਠ ਕੇ ਬਹਿਸ ਨਹੀਂ ਕਰਦੇ। ਹਰ ਦੇਸ਼ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ਤੋਂ ਆਪਣਾ ਪੱਖ ਰੱਖਣ ਦਾ ਮੌਕਾ ਮਿਲਦਾ ਹੈ।

ਇਸ ਤੋਂ ਇਲਾਵਾ ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਆਗੂ ਦੂਜੇ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀਆਂ ਅਤੇ ਬਹੁਪੱਖੀ ਮੀਟਿੰਗਾਂ ਵੀ ਕਰਦੇ ਹਨ। ਇਨ੍ਹਾਂ ਬੈਠਕਾਂ ਵਿੱਚ ਵਪਾਰ, ਸੁਰੱਖਿਆ, ਜੰਗ, ਕੂਟਨੀਤੀ ਅਤੇ ਹੋਰ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਹੁੰਦੀ ਹੈ।

Share: