Punjab Congress Crisis: ਪਹਿਲਾਂ ਜਿੱਤਾਂਗੇ, ਫਿਰ ਤੈਅ ਕਰਾਂਗੇ ਕਿ ਕੌਣ ਹੋਵੇਗਾ ਮੁੱਖ ਮੰਤਰੀ: Sachin Pilot

Punjab Congress Crisis: ਪਹਿਲਾਂ ਜਿੱਤਾਂਗੇ, ਫਿਰ ਤੈਅ ਕਰਾਂਗੇ ਕਿ ਕੌਣ ਹੋਵੇਗਾ ਮੁੱਖ ਮੰਤਰੀ: Sachin Pilot

ਨਵੀਂ ਦਿੱਲੀ : ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਨਵੇਂ ਨਿਯੁਕਤ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਜ਼ਿਕਰਯੋਗ ਹੈ ਕਿ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆ ਰਹੇ ਹਨ।  ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਪਾਰਟੀ ਦੇ ਅੰਦਰੂਨੀ ਮਤਭੇਦਾਂ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚਰਚਾ ਕੀਤੀ। ਉਨ੍ਹਾਂ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੁੱਟ ਜਾਂ ਧੜੇਬੰਦੀ ਹੋਣ ਤੋਂ ਸਪਸ਼ਟ ਇਨਕਾਰ ਕਰਦਿਆਂ ਕਿਹਾ ਕਿ ਇਸ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਵੱਡੀਆਂ ਪਾਰਟੀਆਂ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਥੋੜ੍ਹਾ-ਬਹੁਤ ਮੱਤਭੇਦ ਹੋਣਾ ਸੁਭਾਵਿਕ ਹੈ ਪਰ ਅਸਲ ਵਿੱਚ ਫੁੱਟ ਦਾ ਸ਼ਿਕਾਰ ਤਾਂ ਆਮ ਆਦਮੀ ਪਾਰਟੀ (ਆਪ) ਹੈ, ਜਿਸ ਦੇ ਕਈ ਸੰਸਦ ਮੈਂਬਰ ਪਾਰਟੀ ਛੱਡ ਚੁੱਕੇ ਹਨ। ਪਾਰਟੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਬਹੁਤ ਸਾਰੇ ਦਾਅਵੇਦਾਰ ਹੋਣ ਦੇ ਸਵਾਲ ’ਤੇ ਸਚਿਨ ਪਾਇਲਟ ਨੇ ਕਿਹਾ ਕਿ ਇਹ ਵੱਡੀ ਗੱਲ ਨਹੀਂ ਸਗੋਂ ਇਹ ਤਾਂ ਖ਼ੁਸ਼ਕਿਸਮਤੀ ਹੈ ਕਿ ਪਾਰਟੀ ਕੋਲ ਮੁੱਖ ਮੰਤਰੀ ਦੇ ਕਈ ਉਮੀਦਵਾਰ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਕੋਲ ਤਜਰਬੇਕਾਰ, ਸੀਨੀਅਰ, ਊਰਜਾਵਾਨ ਅਤੇ ਯੋਗ ਆਗੂਆਂ ਦੀ ਕੋਈ ਕਮੀ ਨਹੀਂ ਹੈ।

ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ 2017 ਅਤੇ 2022 ਵਾਂਗ ਇਸ ਵਾਰ ਵੀ ਕਾਂਗਰਸ ਪਾਰਟੀ ਵੱਲੋਂ ਕਿਸੇ ਇੱਕ ਮੁੱਖ ਮੰਤਰੀ ਦੇ ਚਿਹਰੇ ਨੂੰ ਪਹਿਲਾਂ ਤੋਂ ਪੇਸ਼ ਕੀਤਾ ਜਾਵੇਗਾ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਰਵਾਇਤੀ ਤੌਰ ‘ਤੇ ਕਾਂਗਰਸ ਵਿਰੋਧੀ ਧਿਰ ਵਿੱਚ ਹੋਣ ਸਮੇਂ ਸਮੂਹਿਕ ਤੌਰ ‘ਤੇ (ਕੋਲੈਕਟਿਵ ਲੀਡਰਸ਼ਿਪ ਵਿੱਚ) ਚੋਣ ਲੜਦੀ ਹੈ।

ਸਚਿਨ ਪਾਇਲਟ ਨੇ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਦਾ ਇਸ ਸਮੇਂ ਸਭ ਤੋਂ ਪਹਿਲਾ ਅਤੇ ਮੁੱਖ ਟੀਚਾ ਚੋਣਾਂ ਜਿੱਤ ਕੇ ਬਹੁਮਤ ਹਾਸਲ ਕਰਨਾ ਹੈ। ਚੋਣ ਜਿੱਤਣ ਤੋਂ ਬਾਅਦ ਸਾਰੇ ਵਿਧਾਇਕਾਂ, ਪਾਰਟੀ ਵਰਕਰਾਂ ਅਤੇ ਉੱਚ ਆਗੂਆਂ ਦੀ ਸਹਿਮਤੀ ਅਤੇ ਵੱਖ-ਵੱਖ ਹਾਲਾਤ ਮੁਤਾਬਕ ਇਹ ਤੈਅ ਕੀਤਾ ਜਾਵੇਗਾ ਕਿ ਅਗਲਾ ਆਗੂ ਕੌਣ ਹੋਵੇਗਾ ਅਤੇ ਕਿਸ ਨੂੰ ਕਿਹੜੀ ਭੂਮਿਕਾ ਜਾਂ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ।

ਪੰਜਾਬ ਵਿੱਚ ਨਸ਼ਾ ਮਾਫ਼ੀਆ ਅਤੇ ਗੈਂਗਸਟਰਵਾਦ ਮੁੱਖ ਚੁਣੌਤੀਆਂ

ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਸਿਰਫ਼ ਪਾਰਟੀ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਬਹੁਤ ਮਹੱਤਵਪੂਰਨ ਸੂਬਾ ਹੈ ਕਿਉਂਕਿ ਇੱਥੋਂ ਦੇ ਲੋਕਾਂ ਨੇ ਇਤਿਹਾਸਕ, ਸੱਭਿਆਚਾਰਕ ਅਤੇ ਸਮਾਜਿਕ ਤੌਰ ‘ਤੇ ਦੇਸ਼ ਲਈ ਵੱਡਾ ਯੋਗਦਾਨ ਪਾਇਆ ਹੈ। ਅੱਜ ਪੰਜਾਬ ਵਿੱਚ ਨਸ਼ਾ ਮਾਫ਼ੀਆ, ਗੈਂਗਸਟਰਵਾਦ, ਫਿਰੌਤੀਆਂ, ਗੋਲੀਬਾਰੀ ਅਤੇ ਡੂੰਘੇ ਪੱਧਰ ‘ਤੇ ਫੈਲਿਆ ਭ੍ਰਿਸ਼ਟਾਚਾਰ ਗੰਭੀਰ ਚੁਣੌਤੀ ਹੈ। ਮੌਜੂਦਾ ‘ਆਪ’ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਪਿੱਛੇ ਛੱਡ ਕੇ ਸਿਰਫ਼ ਆਪਣੀ ਪਾਰਟੀ ਲੀਡਰਸ਼ਿਪ ਨੂੰ ਬਚਾਉਣ ਅਤੇ ਪ੍ਰਮੋਟ ਕਰਨ ਨੂੰ ਪਹਿਲ ਦਿੱਤੀ ਹੈ। ਕਾਂਗਰਸ ਪਾਰਟੀ ਇਸ ਧਾਰਨਾ ਨੂੰ ਬਦਲਣ ਅਤੇ ਲੋਕਾਂ ਨੂੰ ਵਿਕਾਸ ਦਾ ਇੱਕ ਬਿਹਤਰ ਮਾਡਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਪੰਜਾਬ ਵਿਚ ਬਦਲਾਅ ਲਿਆਏਗੀ ਕਾਂਗਰਸ

ਰਾਹੁਲ ਗਾਂਧੀ ਦੇ ਸੰਦੇਸ਼ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਚਾਹੁੰਦੇ ਹਨ ਕਿ ਪੰਜਾਬ ਦੇ ਲੋਕਾਂ ਦੀ ਜਿੱਤ ਹੋਣੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਇਸ ਬਦਲਾਅ ਦਾ ਮੁੱਖ ਮਾਧਿਅਮ ਬਣੇਗੀ। ਸੂਬੇ ਵਿੱਚ ਮੁੱਖ ਮੰਤਰੀ ਦੇ ਕਈ ਉਮੀਦਵਾਰਾਂ ਹੋਣ ਬਾਰੇ ਪਾਇਲਟ ਨੇ ਇਸ ਨੂੰ ਪਾਰਟੀ ਲਈ ਖ਼ੁਸ਼ਕਿਸਮਤੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਕੋਲ ਤਜ਼ਰਬੇਕਾਰ, ਯੋਗ ਅਤੇ ਸੀਨੀਅਰ ਨੇਤਾਵਾਂ ਦੀ ਕੋਈ ਕਮੀ ਨਹੀਂ ਹੈ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਰੋਧੀ ਧਿਰ ਵਿੱਚ ਹੋਣ ਕਾਰਨ ਪਾਰਟੀ ਸਮੂਹਿਕ ਤੌਰ ‘ਤੇ ਚੋਣ ਲੜ ਰਹੀ ਹੈ ਅਤੇ ਪਹਿਲਾਂ ਪਾਰਟੀ ਦਾ ਮੁੱਖ ਟੀਚਾ ਚੋਣਾਂ ਜਿੱਤਣਾ ਹੈ, ਜਿਸ ਤੋਂ ਬਾਅਦ ਵਿਧਾਇਕਾਂ ਅਤੇ ਲੀਡਰਸ਼ਿਪ ਦੀ ਸਲਾਹ ਨਾਲ ਤੈਅ ਕੀਤਾ ਜਾਵੇਗਾ ਕਿ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਸੌਂਪਣੀ ਹੈ।

ਮੁੱਖ ਮੁਕਾਬਲਾ ਕਾਂਗਰਸ ਤੇ ‘ਆਪ’ ਦਰਮਿਆਨ

ਪੰਜਾਬ ਵਿੱਚ ਮੁੱਖ ਮੁਕਾਬਲੇ ਬਾਰੇ ਗੱਲ ਕਰਦਿਆਂ ਪਾਇਲਟ ਨੇ ਕਿਹਾ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਇਸ ਲਈ 2027 ਦੀਆਂ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ‘ਆਪ’ ਵਿਚਕਾਰ ਹੀ ਹੋਵੇਗਾ। ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਅਤੇ ਭਾਜਪਾ ਨਾਲੋਂ ਨਾਤਾ ਟੁੱਟਣ ਤੋਂ ਬਾਅਦ ਉਨ੍ਹਾਂ ਦਾ ਪ੍ਰਦਰਸ਼ਨ ਲਗਾਤਾਰ ਡਿੱਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਉਹ ਨਸ਼ਿਆਂ ਦੇ ਮੁੱਦੇ ‘ਤੇ ਯਾਤਰਾਵਾਂ ਕੱਢ ਰਹੀ ਹੈ, ਜਦਕਿ ਦੇਸ਼ ਵਿੱਚ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਗੁਜਰਾਤ ਵਰਗੇ ਸੂਬਿਆਂ ਵਿੱਚ ਫੜੀ ਗਈ ਹੈ। ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਸਰਹੱਦੀ ਸੂਬਿਆਂ ਵਿੱਚ ਨਸ਼ਾ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਪੰਜਾਬ ਦਾ ਜਲਦੀ ਹੀ ਦੌਰਾ ਕਰਨਗੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਵੱਲੋਂ ਚੋਣਾਂ ਵਿੱਚ ਉਠਾਏ ਜਾਣ ਵਾਲੇ ਸਭ ਤੋਂ ਵੱਡੇ ਮੁੱਦਿਆਂ ਵਿੱਚ ਨਸ਼ਾਖ਼ਰੀ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਅਤੇ ਨੌਜਵਾਨਾਂ ਲਈ ਬੇਰੁਜ਼ਗਾਰੀ ਸਭ ਤੋਂ ਉੱਪਰ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਹੁਣ ਬਹੁਤ ਜਾਗਰੂਕ ਹੋ ਚੁੱਕੇ ਹਨ ਅਤੇ ਮੌਜੂਦਾ ਸ਼ਾਸਨ ਪ੍ਰਣਾਲੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ ਅਤੇ ਲੋਕਾਂ ਤੱਕ ਪਾਰਟੀ ਦਾ ਵਿਕਾਸਵਾਦੀ ਸੁਨੇਹਾ ਪਹੁੰਚਾਉਣਗੇ। ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਅਤੇ ਉਨ੍ਹਾਂ ਦੀ ਵਾਪਸੀ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਬੀਤੇ ਸਮੇਂ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦੇ ਅਤੇ ਨਾ ਹੀ ਇਸ ਮਾਮਲੇ ‘ਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ। ਪਾਇਲਟ ਨੇ ਅੰਤ ਵਿੱਚ ਦੁਹਰਾਇਆ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ, ਪਰ ਕਾਂਗਰਸ ਪਾਰਟੀ ਹਰ ਚੁਣੌਤੀ ਦਾ ਸਾਹਮਣਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਨਵੀਂ ਉਮੀਦ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹੈ।

Share: