Phagwara Firing: ਨੰਗਲ ਕਾਲੋਨੀ ’ਚ ਦੇਰ ਰਾਤ ਹਥਿਆਰਬੰਦਾਂ ਵੱਲੋਂ ਘਰ ’ਤੇ ਅੰਨ੍ਹੇਵਾਹ ਫਾਇਰਿੰਗ, ਇਲਾਕੇ ’ਚ ਦਹਿਸ਼ਤ

Phagwara Firing: ਨੰਗਲ ਕਾਲੋਨੀ ’ਚ ਦੇਰ ਰਾਤ ਹਥਿਆਰਬੰਦਾਂ ਵੱਲੋਂ ਘਰ ’ਤੇ ਅੰਨ੍ਹੇਵਾਹ ਫਾਇਰਿੰਗ, ਇਲਾਕੇ ’ਚ ਦਹਿਸ਼ਤ

ਫਗਵਾੜਾ (ਮਨੀਸ਼ ਰਿਹਾਨ) : ਇੱਥੋਂ ਦੀ ਨੰਗਲ ਕਾਲੋਨੀ ਵਿੱਚ ਅੱਧੀ ਰਾਤ ਤੋਂ ਬਾਅਦ ਤਿੰਨ ਮੋਟਰਸਾਈਕਲਾਂ ’ਤੇ ਆਏ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਪੀੜਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਹਮਲਾਵਰਾਂ ਨੇ ਉਸ ਦੇ ਘਰ ਦੇ ਬਾਹਰ ਪਹੁੰਚ ਕੇ ਪਹਿਲਾਂ ਗਾਲੀ-ਗਲੋਚ ਕੀਤਾ ਅਤੇ ਮੁੱਖ ਗੇਟ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਵੱਲ ਅੱਧਾ ਦਰਜਨ ਤੋਂ ਵੱਧ ਰੌਂਦ ਫਾਇਰ ਕੀਤੇ ਅਤੇ ਆਪਣੇ ਮੋਟਰਸਾਈਕਲਾਂ ’ਤੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਘਰ ਦੇ ਬਾਹਰੋਂ ਕੁਝ ਚੱਲੇ ਹੋਏ ਖੋਲ ਅਤੇ ਇੱਕ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ। ਫਾਇਰਿੰਗ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਫਗਵਾੜਾ ਦੇ ਡੀ.ਐੱਸ.ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਤਫਤੀਸ਼ ਤੋਂ ਮਾਮਲਾ ਆਪਸੀ ਰੰਜਿਸ਼ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਘਟਨਾ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਪ੍ਰਿਆਂਸ਼ੂ ਦੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਨੇ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਭਾਰਤੀ ਦੰਡ ਸੰਹਿਤਾ (IPC) ਦੀਆਂ ਧਾਰਾਵਾਂ 307 (ਇਰਾਦਾ-ਏ-ਕਤਲ), 427, 506 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਪੀਯੂਸ਼ ਸ਼ਰਮਾ, ਤਰਨ, ਗੁਗਲੀ, ਸ਼ੰਮੀ ਖਾਨ, ਮਾਨਵ ਹੰਸ, ਜਸ਼ਨ ਅਤੇ ਸਿਮਰ ਸ਼ਾਮਲ ਹਨ, ਜੋ ਫਗਵਾੜਾ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਇਸ ਦੌਰਾਨ ਫਗਵਾੜਾ ਦੇ ਐੱਸ.ਪੀ. ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਤਕਨੀਕੀ ਅਤੇ ਹੋਰ ਜਾਂਚ ਤਰੀਕਿਆਂ ਦੀ ਵਰਤੋਂ ਕਰਕੇ ਘਟਨਾ ਦੀ ਲੜੀ ਨੂੰ ਜੋੜ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਸੁਰਾਗ ਲਗਾਇਆ ਜਾ ਸਕੇ। ਮੌਕੇ ਤੋਂ ਮਿਲੇ ਖੋਲਾਂ ਸਮੇਤ ਹੋਰ ਸਬੂਤਾਂ ਨੂੰ ਕਬਜ਼ੇ ’ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਕੇਸ ਵਿੱਚ ਨਾਮਜ਼ਦ ਹਰੇਕ ਵਿਅਕਤੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

Share: