ਭਾਰਤ ਯੂਕਰੇਨ ਜੰਗ ਦੇ ਹੱਲ ਦਾ ਹਮਾਇਤੀ: Modi

ਭਾਰਤ ਯੂਕਰੇਨ ਜੰਗ ਦੇ ਹੱਲ ਦਾ ਹਮਾਇਤੀ: Modi

ਨਵੀਂ ਦਿੱਲੀ ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੀ ਵਾਰਤਾ ਦੌਰਾਨ ਯੂਕਰੇਨ ਜੰਗ ਖ਼ਤਮ ਕਰਨ ਲਈ ਸ਼ਾਂਤੀ ਦੀ ਕਿਸੇ ਵੀ ਪਹਿਲਕਦਮੀ ਦੀ ਹਮਾਇਤ ਕਰਨ ਦੀ ਭਾਰਤ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਇਸ ਦੌਰਾਨ ਕਾਲਾ ਸਾਗਰ ’ਚ ਭਾਰਤੀ ਮਲਾਹਾਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ। ਦੋਵਾਂ ਆਗੂਆਂ ਨੇ ਵਧਦੇ ਭੂ-ਰਾਜਸੀ ਤਣਾਅ ਦਰਮਿਆਨ ਦੁਵੱਲੇ ਵਪਾਰ ਸਬੰਧ ਹੋਰ ਮਜ਼ਬੂਤ ਕਰਨ ’ਤੇ ਵੀ ਸਹਿਮਤੀ ਜ਼ਾਹਰ ਕੀਤੀ ਹੈ। ਪੂਤਿਨ ਦੇ ਬਰਿਕਸ ਸੰਮੇਲਨ ’ਚ ਹਿੱਸਾ ਲੈਣ ਲਈ ਤਿੰਨ ਰੋਜ਼ਾ ਯਾਤਰਾ ’ਤੇ ਅੱਜ ਸਵੇਰੇ ਨਵੀਂ ਦਿੱਲੀ ਪੁੱਜਣ ਤੋਂ ਕੁਝ ਘੰਟੇ ਬਾਅਦ ਦੋਵਾਂ ਆਗੂਆਂ ਦਰਮਿਆਨ ਵਾਰਤਾ ਹੋਈ ਹੈ।

ਵਾਰਤਾ ਮਗਰੋਂ ਦੋਵੇਂ ਆਗੂ ‘ਭਾਰਤ ਮੰਡਪਮ’ ਕੰਪਲੈਕਸ ਅੰਦਰ ਇੱਕੋ ਕਾਰ ’ਚ ਸਵਾਰ ਹੋ ਕੇ ਬਿਜ਼ਨਸ ਫੋਰਮ ਸਮਾਗਮ ’ਚ ਪੁੱਜੇ। ਵੱਖ ਵੱਖ ਖੇਤਰਾਂ ’ਚ ਡੂੰਘਾ ਸਹਿਯੋਗ ਬਣਾਈ ਰੱਖਣ ਦੇ ਆਪਣੇ ਅਹਿਦ ਦਾ ਸੰਕੇਤ ਦਿੰਦਿਆਂ ਦੋਵਾਂ ਆਗੂਆਂ ਨੇ ਭਾਰਤ-ਰੂਸ ਵਿਸ਼ੇਸ਼ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ’ਤੇ ਸਹਿਮਤੀ ਜ਼ਾਹਰ ਕੀਤੀ। ਭਾਰਤ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਭਾਈਵਾਲੀ ‘ਅਹਿਮ ਵਿਕਾਸ ਦਰਜ ਕਰ ਰਹੀ ਹੈ ਅਤੇ ਭੂ-ਰਾਜਸੀ ਬੇਯਕੀਨੀ ਦਰਮਿਆਨ ਵੀ ਮਜ਼ਬੂਤ ਬਣੀ ਹੋਈ ਹੈ।’ ਮੋਦੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਅਤੇ ਰੂਸੀ ਨੇਤਾ ਨੇ ਵਪਾਰਕ ਸਬੰਧ ਹੋਰ ਮਜ਼ਬੂਤ ​​ਕਰਨ ਬਾਰੇ ਚਰਚਾ ਕੀਤੀ। ਇਸ ਵਿੱਚ ‘2030 ਲਈ ਆਰਥਿਕ ਸਹਿਯੋਗ ਪ੍ਰੋਗਰਾਮ’ ਲਾਗੂ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਊਰਜਾ, ਤਕਨਾਲੌਜੀ, ਰੱਖਿਆ ਅਤੇ ਸੱਭਿਆਚਾਰ ਵਰਗੇ ਖੇਤਰਾਂ ਵਿੱਚ ਸਹਿਯੋਗ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬਿਆਨ ਮੁਤਾਬਕ 45 ਮਿੰਟਾਂ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਵਿੱਚ ਮੋਦੀ ਅਤੇ ਪੂਤਿਨ ਨੇ ਰੱਖਿਆ, ਅਹਿਮ ਖਣਿਜਾਂ, ਨਾਗਰਿਕ ਪਰਮਾਣੂ ਊਰਜਾ, ਖਾਦ ਸਪਲਾਈ ਅਤੇ ਲੋਕਾਂ ਵਿਚਕਾਰ ਆਪਸੀ ਸੰਪਰਕ ਵਧਾਉਣ ਸਣੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਅਤੇ ਕਾਲੇ ਸਾਗਰ ਖੇਤਰ ਦੇ ਟਕਰਾਵਾਂ ਸਣੇ ਦੁਵੱਲੇ ਹਿੱਤਾਂ ਨਾਲ ਜੁੜੇ ਅਹਿਮ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਗ਼ੌਰਤਲਬ ਹੈ ਕਿ ਪੱਛਮੀ ਏਸ਼ੀਆ ਅਤੇ ਕਾਲੇ ਸਾਗਰ ਖੇਤਰ ਦੇ ਟਕਰਾਵਾਂ ਦਾ ਸਮੁੰਦਰੀ ਵਪਾਰ ਅਤੇ ਭਾਰਤੀ ਮਲਾਹਾਂ ਦੀ ਸੁਰੱਖਿਆ ’ਤੇ ਅਸਰ ਪਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਟਕਰਾਵਾਂ ਦੇ ਹੱਲ ਲਈ ਗੱਲਬਾਤ ਤੇ ਕੂਟਨੀਤੀ ਹੀ ਅੱਗੇ ਵਧਣ ਦਾ ਰਾਹ ਹਨ ਅਤੇ ਭਾਰਤ ਸ਼ਾਂਤੀ ਬਹਾਲੀ ਦੇ ਯਤਨਾਂ ਵਿੱਚ ਸਹਾਇਤਾ ਲਈ ਤਿਆਰ ਹੈ।’’ ਬੈਠਕ ਦੌਰਾਨ ਪੁੂਤਿਨ ਨੇ ਮੋਦੀ ਨੂੰ 24ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ ਰੂਸ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਮੋਦੀ ਨੇ ਸਵੀਕਾਰ ਕਰ ਲਿਆ। ਦੌਰੇ ਦੀਆਂ ਤਰੀਕਾਂ ਕੂਟਨੀਤਕ ਚੈਨਲਾਂ ਰਾਹੀਂ ਤੈਅ ਕੀਤੀਆਂ ਜਾਣਗੀਆਂ।

ਇਰਾਨ ਨੇ ਕੌਮੀ ਮੁਦਰਾਵਾਂ ਦੀ ਵਰਤੋਂ ਵਧਾਉਣ ਦਾ ਸੁਝਾਅ ਦਿੱਤਾ

ਨਵੀਂ ਦਿੱਲੀ: ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅੱਜ ਬਰਿਕਸ ਵਪਾਰ ਵਿੱਚ ਸਥਾਨਕ ਮੁਦਰਾਵਾਂ ਵੱਲ ਵਧੇਰੇ ਝੁਕਾਅ ਦੀ ਮੰਗ ਕੀਤੀ, ਜਦਕਿ ਬਲਾਕ ਦੀ ਆਰਥਿਕ ਕਨੈਕਟੀਵਿਟੀ ਲਈ ਇਰਾਨ ਦੇ ਭੂਗੋਲ, ਊਰਜਾ ਸਰੋਤਾਂ ਅਤੇ ਆਵਾਜਾਈ ਲਿੰਕਾਂ ਨੂੰ ਰਣਨੀਤਕ ਪੁਲ ਵਜੋਂ ਪੇਸ਼ ਕੀਤਾ। ਬਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਪੇਜ਼ੇਸ਼ਕਿਆਨ ਨੇ ਕਿਹਾ ਕਿ ਬਰਿਕਸ ਨੂੰ ਆਪਣੀ ਆਰਥਿਕ ਸੰਭਾਵਨਾ ਤੋਂ ਅੱਗੇ ਵਧਣਾ ਚਾਹੀਦਾ ਹੈ ਅਤੇ ਵਪਾਰ, ਨਿਵੇਸ਼ ਤੇ ਸਾਂਝੇ ਵਿੱਤ ਦਾ ਵਧੇਰੇ ਏਕੀਕ੍ਰਿਤ ਨੈੱਟਵਰਕ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਕਰੰਸੀ ਦੇ ਜੋਖਮਾਂ ਅਤੇ ਆਪਸੀ ਨਿਬੇੜੇ ਦੇ ਪ੍ਰਬੰਧਨ ਲਈ ਬਣੇ ਤੰਤਰ ਵੱਲੋਂ ਸਮਰਥਿਤ ਕੌਮੀ ਮੁਦਰਾਵਾਂ ਦੀ ਵਧ ਰਹੀ ਵਰਤੋਂ, ਆਪਸੀ ਬਰਿਕਸ ਵਪਾਰ ਨੂੰ ਸਿਆਸੀ ਝਟਕਿਆਂ ਪ੍ਰਤੀ ਘੱਟ ਕਮਜ਼ੋਰ ਬਣਾਏਗੀ।

ਆਲਮੀ ਵਪਾਰ ਲਈ ਜਹਾਜ਼ਰਾਨੀ ਦੀ ਆਜ਼ਾਦੀ ਜ਼ਰੂਰੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਿਕਸ ਬਿਜ਼ਨਸ ਫੋਰਮ ਦੌਰਾਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਮੁਲਾਕਾਤ ਕਰਦਿਆਂ ਜਹਾਜ਼ਰਾਨੀ ਦੀ ਆਜ਼ਾਦੀ ਅਤੇ ਮਲਾਹਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਆਲਮੀ ਵਪਾਰ ਤਾਂ ਹੀ ਅੱਗੇ ਵਧ ਸਕਦਾ ਹੈ ਜਦੋਂ ਸਮੁੰਦਰੀ ਮਾਰਗ ਸੁਰੱਖਿਅਤ ਹੋਣ, ਸਪਲਾਈ ਮਾਰਗ ਖੁੱਲ੍ਹੇ ਰਹਿਣ ਅਤੇ ਮਲਾਹ ਸੁਰੱਖਿਅਤ ਹੋਣ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਸਮੁੱਚੀ ਸਥਿਤੀ ਦੀ ਸਮੀਖਿਆ ਕਰਨ ਅਤੇ ਵਧੇ ਹੋਏ ਦੁਵੱਲੇ ਸਬੰਧਾਂ ਲਈ ਰੂਪਰੇਖਾ ਤਿਆਰ ਕਰਨ ਵਾਸਤੇ ਅੱਜ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲਬਾਤ ਕੀਤੀ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਉਨ੍ਹਾਂ ਦੀ ਦੂਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ, ਮੋਦੀ ਨੇ 31 ਅਗਸਤ ਨੂੰ ਬਿਸ਼ਕੇਕ ਵਿੱਚ ਇਰਾਨੀ ਨੇਤਾ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਭਾਰਤ ਟਕਰਾਅ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਦੀ ਹਮਾਇਤ ਕਰਦਾ ਹੈ। ਇਹ ਗੱਲਬਾਤ ਇਰਾਨੀ ਨੇਤਾ ਦੇ ਬਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੌਮੀ ਰਾਜਧਾਨੀ ਪੁੱਜਣ ਤੋਂ ਕੁਝ ਘੰਟੇ ਬਾਅਦ ਹੋਈ। ਰਾਸ਼ਟਰਪਤੀ ਵਜੋਂ ਪੇਜ਼ੇਸ਼ਕੀਅਨ ਦਾ ਭਾਰਤ ਦਾ ਇਹ ਪਹਿਲਾ ਦੌਰਾ ਹੈ।

ਇਹ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਇਹ ਅਮਰੀਕਾ ਵੱਲੋਂ ਇਰਾਨ ਵਿਰੁੱਧ ਨਵੇਂ ਸਜ਼ਾਯੋਗ ਆਰਥਿਕ ਉਪਾਅ ਲਾਗੂ ਕਰਨ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਤਣਾਅ ਦੇ ਅਚਾਨਕ ਵਧਣ ਦਰਮਿਆਨ ਹੋਇਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਭਾਰਤ ਅਤੇ ਇਰਾਨ ਬਰਿਕਸ ਭਾਈਵਾਲਾਂ ਵਜੋਂ ਸਾਂਝੇ ਵਿਕਾਸ ਅਤੇ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਉਣ ਲਈ ਕੰਮ ਕਰ ਰਹੇ ਹਨ।’’

ਮੋਦੀ ਨੇ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਬਰਿਕਸ ਮੀਟਿੰਗਾਂ ਵਿੱਚ ਇਰਾਨ ਦੀ ਨਿਯਮਤ ਉੱਚ-ਪੱਧਰੀ ਭਾਗੀਦਾਰੀ ਲਈ ਪੇਜ਼ੇਸ਼ਕੀਅਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਮੂਹ ਗਲੋਬਲ ਸਾਊਥ ਦੇ ਦੇਸ਼ਾਂ ਵਿੱਚ ਲਚਕਤਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਬਰਿਕਸ ਬਿਜ਼ਨਸ ਫੋਰਮ ਦੇ ਨੇਤਾਵਾਂ ਦੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਵੀ ਪੇਜ਼ੇਸ਼ਕੀਅਨ ਦਾ ਧੰਨਵਾਦ ਕੀਤਾ। ਇਰਾਨੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੇਜ਼ੇਸ਼ਕੀਅਨ ਨੇ ਇਰਾਨ ਅਤੇ ਭਾਰਤ ਦਰਮਿਆਨ ਰਣਨੀਤਕ ਸਮਝੌਤਿਆਂ ਨੂੰ ਲਾਗੂ ਕਰਨਾ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।

Share: