Canada ਜਾ ਕੇ ਮੁਕਰੀ ਲਾੜੀ !; 30 ਲੱਖ ਖਰਚ ਕੇ ਸਹੁਰਿਆਂ ਨੇ ਭੇਜਿਆ ਸੀ ਵਿਦੇਸ਼

Canada ਜਾ ਕੇ ਮੁਕਰੀ ਲਾੜੀ !; 30 ਲੱਖ ਖਰਚ ਕੇ ਸਹੁਰਿਆਂ ਨੇ ਭੇਜਿਆ ਸੀ ਵਿਦੇਸ਼

ਲੜਕੇ ਨਾਲ ਵਿਆਹ ਕਰਵਾ ਕੇ ਉਸ ਦੇ ਖ਼ਰਚੇ ’ਤੇ ਕੈਨੇਡਾ ਗਈ ਲੜਕੀ ਵੱਲੋਂ ਉੱਥੇ ਪਹੁੰਚ ਕੇ ਪਤੀ ਨੂੰ ਆਪਣੇ ਕੋਲ ਨਾ ਬੁਲਾਉਣ ਅਤੇ ਪੈਸੇ ਵਾਪਸ ਨਾ ਕਰਨ ਦੇ ਸਹੁਰਾ ਪਰਿਵਾਰ ਨੇ ਦੋਸ਼ ਲਗਾਏ ਹਨ। ਧੋਖਾਧੜੀ ਕਰਨ ਦੇ ਮਾਮਲੇ ਵਿੱਚ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਲੜਕੀ ਸਮੇਤ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਲੜਕੀ ਰਣਜੀਤ ਕੌਰ, ਉਸ ਦੇ ਪਿਤਾ ਸਰਵਣ ਸਿੰਘ, ਮਾਤਾ ਬਲਵਿੰਦਰ ਕੌਰ ਅਤੇ ਭਰਾ ਹਰਪ੍ਰੀਤ ਸਿੰਘ (ਸਾਰੇ ਵਾਸੀ ਆਸਲ ਉਤਾੜ) ਦੇ ਨਾਮ ਸ਼ਾਮਲ ਹਨ। ਪੀੜਤ ਲੜਕੇ ਗੁਰਭੇਜ ਸਿੰਘ ਦੇ ਪਿਤਾ ਕਾਲਾ ਸਿੰਘ (ਵਾਸੀ ਨੱਥੂ ਚੱਕ) ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਰਣਜੀਤ ਕੌਰ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਉਸ ਦੇ ਪੁੱਤਰ ਗੁਰਭੇਜ ਸਿੰਘ ਨਾਲ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੜਕੀ ਨੂੰ ਪੜ੍ਹਾਈ ਲਈ ਅਤੇ ਕੈਨੇਡਾ ਭੇਜਣ ਵਾਸਤੇ ਉਨ੍ਹਾਂ ਨੇ 30 ਲੱਖ ਰੁਪਏ ਖ਼ਰਚ ਕੀਤੇ ਸਨ, ਪਰ ਕੈਨੇਡਾ ਜਾਣ ਤੋਂ ਬਾਅਦ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਉਸ ਨੇ ਨਾ ਤਾਂ ਗੁਰਭੇਜ ਸਿੰਘ ਨੂੰ ਆਪਣੇ ਕੋਲ ਬੁਲਾਇਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਕਾਲਾ ਸਿੰਘ ਅਨੁਸਾਰ ਰਣਜੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਮਿਲ ਕੇ ਉਨ੍ਹਾਂ ਨਾਲ ਜਾਣ-ਬੁੱਝ ਕੇ ਧੋਖਾਧੜੀ ਕੀਤੀ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ.ਐੱਸ.ਆਈ. ਸਰੂਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 420, 406 ਅਤੇ 120-ਬੀ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share: