Canada ਦੇ 11 ਕੌਮਾਂਤਰੀ ਹਵਾਈ ਅੱਡਿਆਂ ਤੇ CBSA ਦਾ ਸਿਸਟਮ ਠੱਪ ਰਿਹਾ, ਯਾਤਰੀ ਪਰੇਸ਼ਾਨ

Canada ਦੇ 11 ਕੌਮਾਂਤਰੀ ਹਵਾਈ ਅੱਡਿਆਂ ਤੇ CBSA ਦਾ ਸਿਸਟਮ ਠੱਪ ਰਿਹਾ, ਯਾਤਰੀ ਪਰੇਸ਼ਾਨ

ਵੈਨਕੂਵਰ : ਕੈਨੇਡਾ ਦੇ ਪ੍ਰਮੁੱਖ ਇੰਟਰਨੈਸ਼ਨਲ ਹਵਾਈ ਅੱਡਿਆਂ ਉੱਤੇ ਸੀਮਾ ਸੁਰੱਖਿਆ ਸੇਵਾਵਾਂ ਏਜੰਸੀ (CBSA) ਦੇ ਸਿਸਟਮ ਵਿੱਚ ਖਰਾਬੀ ਆਉਣ ਕਾਰਨ ਕਈ ਘੰਟੇ ਸੇਵਾਵਾਂ ਬੁਰੀ ਤਰਾਂ ਪ੍ਰਭਾਵਤ ਹੋਈਆਂ। ਇਸ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲਿਆਂ ਨਾਲ ਨਿੱਜੀ ਤੌਰ ਤੇ ਨਜਿੱਠਣ ਕਰਕੇ ਯਾਤਰੀਆਂ ਨੂੰ ਬਾਹਰ ਜਾਣ ਵਿੱਚ ਘੰਟਿਆਂ ਦੀ ਦੇਰੀ ਹੁੰਦੀ ਰਹੀ।

ਹਾਲਾਂਕਿ ਏਜੰਸੀ ਨੇ ਇਸ ਗੱਲ ਨੂੰ ਖਾਰਜ ਕੀਤਾ ਕਿ ਉਨ੍ਹਾਂ ਦਾ ਸਿਸਟਮ ਹੈਕ ਹੋਇਆ ਹੈ। ਟਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡਾ ਪ੍ਰਬੰਧਨ ਨੇ ਵੀ ਆਪਣੇ ਹੈਂਡਲ ਐਕਸ ਤੇ ਪੋਸਟ ਪਾਕੇ ਏਜੰਸੀ ਦਾ ਸਿਸਟਮ ਫੇਲ ਹੋਣ ਕਰਕੇ ਯਾਤਰੀਆਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ।
ਟਰਾਂਟੋ, ਵੈਨਕੂਵਰ, ਕੈਲਗਰੀ, ਐਡਮੰਟਨ, ਹਮਿਲਟਨ. ਐਬਸਫੋਰਡ, ਮੌਂਟਰੀਆਲ, ਔਟਵਾ, ਵਿੰਨੀਪੈੱਗ ਤੇ ਦੋ ਹੋਰ ਹਵਾਈ ਅੱਡਿਆਂ ਦਾ ਸਿਸਟਮ ਪ੍ਰਭਾਵਤ ਹੋਣ ਦਾ ਪਤਾ ਲੱਗਾ ਹੈ। ਰਾਤ 10 ਵਜੇ ਸੀਬੀਐਸਏ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗਦੇ ਹੋਏ ਕਿਹਾ ਕਿ ਹੁਣੇ ਹੁਣੇ ਉਸਨਾਂ ਦਾ ਸਿਸਟਮ ਪਹਿਲਾਂ ਵਾਂਗ ਕੰਮ ਕਰਨ ਲੱਗ ਪਿਆ ਹੈ।
 ਇਨ੍ਹਾਂ ’ਚੋਂ ਕੁਝ ਵੱਡੇ ਹਵਾਈ ਅੱਡਿਆਂ ਉੱਤੇ ਵਿਦੇਸ਼ਾਂ ਤੋਂ ਉਡਾਣਾਂ ਆਉਂਦੀਆਂ ਹਨ, ਪਰ ਕੁਝ ਛੋਟੇ ਹਵਾਈ ਅੱਡਿਆਂ ਤੇ ਸੰਚਾਲਨ ਸਿਰਫ ਅਮਰੀਕਾ ਤੇ ਮੈਕਸੀਕੋ ਹਵਾਈ ਅੱਡਿਆਂ ਤੱਕ ਸੀਮਤ ਹੈ। ਪਤਾ ਲੱਗਾ ਹੈ ਕਿ ਏਜੰਸੀ ਨੇ ਯਾਤਰੀਆਂ ਦੀ ਅਸੁਵਿਧਾ ਘਟਾਉਣ ਲਈ ਤੁਰੰਤ ਸਟਾਫ ਵਧਾਉਣ ਦੇ ਯਤਨ ਕੀਤੇ, ਜਿਸ ਕਾਰਨ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਕੁਝ ਛੋਟੀਆਂ ਹੋਈਆਂ। ਦੇਰ ਰਾਤ ਸਿਸਟਮ ਠੀਕ ਹੋਣ ਕਾਰਨ ਵੀ ਹਾਲਾਤ ਆਮ ਵਾਂਗ ਹੋਣ ਵਿੱਚ ਕੁਝ ਘੰਟੇ ਲੱਗ ਸਕਦੇ ਹਨ।
Share: