‘ਆਪ’ ’ਚ ਭਗਵੰਤ ਮਾਨ ਦੇ ਹੱਥ ਮਜ਼ਬੂਤ

‘ਆਪ’ ’ਚ ਭਗਵੰਤ ਮਾਨ ਦੇ ਹੱਥ ਮਜ਼ਬੂਤ

ਚੰਡੀਗਡ਼੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਅਹਿਮ ਦਸ ਮੈਂਬਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀ ਏ ਸੀ) ’ਚ ਸ਼ਾਮਲ ਕੀਤਾ ਹੈ। ਪਾਰਟੀ ਨੇ ਕੌਮੀ ਕਾਰਜਕਾਰਨੀ ’ਚੋਂ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਚੀਫ ਵ੍ਹਿੱਪ ਬਲਜਿੰਦਰ ਕੌਰ ਅਤੇ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਬਾਹਰ ਕਰ ਦਿੱਤਾ ਹੈ।

ਚੋਣਾਂ ਤੋਂ ਪਹਿਲਾਂ ‘ਆਪ’ ਦੇ ਜਥੇਬੰਦਕ ਢਾਂਚੇ ’ਚ ਹੋਏ ਫੇਰਬਦਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਹੱਥ ਮਜ਼ਬੂਤ ਹੋਣ ਵੱਲ ਇਸ਼ਾਰਾ ਮਿਲਦਾ ਹੈ। ਪਾਰਟੀ ਨੇ ਪੀ ਏ ਸੀ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਇਸ ਵੇਲੇ ਵਿਵਾਦਾਂ ’ਚ ਘਿਰੇ ਹੋਏ ਹਨ, ਨੂੰ ਸ਼ਾਮਲ ਕਰ ਕੇ ਉਨ੍ਹਾਂ ਦੀ ਅਹਿਮੀਅਤ ਹੋਣ ਦਾ ਸੁਨੇਹਾ ਦਿੱਤਾ ਹੈ। ਚੀਮਾ ਦੀ ਪੀ ਏ ਸੀ ’ਚ ਸ਼ਮੂਲੀਅਤ ਨਾਲ ਦਲਿਤ ਭਾਈਚਾਰੇ ਨੂੰ ਪਾਰਟੀ ’ਚ ਪ੍ਰਤੀਨਿਧਤਾ ਦਿੱਤੀ ਗਈ ਹੈ। ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਬਾਹਰ ਰੱਖਣ ਦੇ ਵੀ ਸਿਆਸੀ ਮਾਅਨੇ ਹਨ। ਦਿੱਲੀ ਦੇ ਸਾਬਕਾ ਮੰਤਰੀ ਅਤੇ ਪੰਜਾਬ ’ਚ ਪਾਰਟੀ ਮਾਮਲਿਆਂ ਦੇ ਸਹਿ-ਇੰਚਾਰਜ ਸਤਿੰਦਰ ਜੈਨ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ ਪੀ ਏ ਸੀ ਦੇ ਵਿਸ਼ੇਸ਼ ਇਨਵਾਇਟੀ ਸਨ ਪਰ ਹੁਣ ਉਹ ਪੀ ਏ ਸੀ ਦੇ ਪੱਕੇ ਮੈਂਬਰ ਬਣ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦਾ ਪੰਜਾਬ ’ਚ ਵੱਡਾ ਚਿਹਰਾ ਹਨ, ਜਿਨ੍ਹਾਂ ’ਤੇ ਵਿਧਾਨ ਸਭਾ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਟਿਕੀ ਹੋਈ ਹੈ।

ਖ਼ਾਸ ਗੱਲ ਇਹ ਵੀ ਹੈ ਕਿ ਪੰਜਾਬ ਦੇ ਪ੍ਰਸ਼ਾਸਕੀ ਕੰਮਾਂ ’ਚ ਸ਼ਾਮਲ ਦੋ ਸਿਆਸੀ ਹਸਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਘੁੰਮਣ ਅਤੇ ਵਿਭਵ ਕੁਮਾਰ ਨੂੰ ਪਾਰਟੀ ਦੀ 23 ਮੈਂਬਰੀ ਕੌਮੀ ਕਾਰਜਕਾਰਨੀ ’ਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਰਾਜਬੀਰ ਘੁੰਮਣ ਦਾ ਨਾਮ ਹਾਲ ਹੀ ’ਚ ਕੈਸ਼ ਫਾਰ ਟਰਾਂਸਫਰ ਤੇ ਲੈਂਡ ਫਰਾਡ (ਤਬਾਦਲੇ ਲਈ ਨਗਦੀ ਤੇ ਜ਼ਮੀਨ ਘਪਲੇ) ਦੇ ਕਥਿਤ ਮਾਮਲੇ ’ਚ ਈ ਡੀ ਦੀ ਜਾਂਚ ਵਿੱਚ ਗੂੰਜਿਆ ਸੀ। ਵਿੱਤ ਮੰਤਰੀ ਚੀਮਾ ਇਸ ਵੇਲੇ ਪਿੰਡ ਤੂਰਬੰਜਾਰਾ ’ਚ ਵਾਪਰੀ ਘਟਨਾ ਕਾਰਨ ਘਿਰੇ ਹੋਏ ਹਨ। ਚੀਮਾ ਨੂੰ ਪੀ ਏ ਸੀ ’ਚ ਸ਼ਾਮਲ ਕੀਤੇ ਜਾਣ ਨਾਲ ਵਿਰੋਧੀਆਂ ਨੂੰ ਵੀ ਉਨ੍ਹਾਂ ਦੀ ਸਿਆਸੀ ਵੁੱਕਤ ਦਾ ਅਹਿਸਾਸ ਕਰਾਇਆ ਗਿਆ ਹੈ। ਇਸ ਫੇਰਬਦਲ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਕੜ ਮਜ਼ਬੂਤ ਨਜ਼ਰ ਆਈ ਹੈ।

ਕੌਮੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਵਿਚਾਲੇ ਤਾਲਮੇਲ ਬਣਾਉਣ ਦੀ ਕੋਸ਼ਿਸ਼

ਆਮ ਆਦਮੀ ਪਾਰਟੀ ਕੋਲ ਇਸ ਵੇਲੇ ਇਕੱਲੇ ਪੰਜਾਬ ’ਚ ਹੀ ਸੱਤਾ ਹੈ। ਪਾਰਟੀ ਸੱਤਾ ਵਿਰੋਧੀ ਲਹਿਰ, ਮੁਲਾਜ਼ਮਾਂ ਦੇ ਰੋਹ ਅਤੇ ਮੁੜ ਉੱਭਰ ਰਹੀਆਂ ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਅਕਾਲੀ ਧੜਿਆਂ ਦੇ ਵਿਚਕਾਰ 2022 ਦੀ ਆਪਣੀ ਜਿੱਤ ਨੂੰ 2027 ’ਚ ਬਰਕਰਾਰ ਰੱਖਣ ਦੀ ਤਿਆਰੀ ਕਰ ਰਹੀ ਹੈ। ਪੀ ਏ ਸੀ ’ਚ ਭਗਵੰਤ ਮਾਨ ਦਾ ਪੱਕਾ ਸਥਾਨ ਉਨ੍ਹਾਂ ਨੂੰ ਚੋਣ ਰਣਨੀਤੀ ਨੂੰ ਘੜਨ ’ਚ ਸਹਾਈ ਹੋਵੇਗਾ ਤੇ ਇਸੇ ਤਰ੍ਹਾਂ ਪਾਰਟੀ ਨੂੰ ਆਪਣੀ ਰਾਸ਼ਟਰੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਵਿਚਕਾਰ ਵਧੇਰੇ ਨੇੜਿਓਂ ਤਾਲਮੇਲ ਲਈ ਅਹਿਮ ਹੋਵੇਗਾ। ਪਾਰਟੀ ਨੇ ਬੇਰੁਜ਼ਗਾਰੀ, ਨਸ਼ਿਆਂ, ਵਿੱਤੀ ਸੀਮਾਵਾਂ ਅਤੇ ਹੋਰ ਸ਼ਾਸਨ ਦੀਆਂ ਆਲੋਚਨਾਵਾਂ ਦੌਰਾਨ ਇਹ ਨਵਾਂ ਫ਼ੈਸਲਾ ਲਿਆ ਹੈ। ਪੀ ਏ ਸੀ ’ਚ ਜੈਨ ਦੀ ਸ਼ਮੂਲੀਅਤ ਪਾਰਟੀ ਦੇ ਪੰਜਾਬ ਸੰਗਠਨ ਅਤੇ ਇਸ ਦੀ ਕੇਂਦਰੀ ਲੀਡਰਸ਼ਿਪ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਨਜ਼ਰ ਤੋਂ ਕੀਤੀ ਗਈ ਹੈ।

Share: