Canada By Elections Breaking: ਉਪ-ਚੋਣਾਂ ’ਚ ਤਿੰਨੇ ਸੀਟਾਂ ’ਤੇ ਜਿੱਤ; ਮਾਰਕ ਕਾਰਨੀ ਸਰਕਾਰ ਨੇ ਹਾਸਲ ਕੀਤਾ ਬਹੁਮੱਤ

Canada By Elections Breaking: ਉਪ-ਚੋਣਾਂ ’ਚ ਤਿੰਨੇ ਸੀਟਾਂ ’ਤੇ ਜਿੱਤ; ਮਾਰਕ ਕਾਰਨੀ ਸਰਕਾਰ ਨੇ ਹਾਸਲ ਕੀਤਾ ਬਹੁਮੱਤ

ਵੈਨਕੂਵਰ : ਕੈਨੇਡਾ ਪਾਰਲੀਮੈਂਟ ਦੀਆਂ ਖ਼ਾਲੀ ਹੋਈਆਂ ਤਿੰਨ ਸੀਟਾਂ ਲਈ ਅੱਜ ਹੋਈ ਉਪ-ਚੋਣ ਵਿੱਚ ਪ੍ਰਧਾਨ ਮੰਤਰੀ ਮਾਰਕ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਤਿੰਨੇ ਸੀਟਾਂ ’ਤੇ ਜਿੱਤ ਹਾਸਲ ਕਰਕੇ ਸੰਸਦ ਵਿੱਚ ਬਹੁਮੱਤ ਦਾ ਅੰਕੜਾ ਪਾਰ ਕਰ ਲਿਆ ਹੈ। ਖ਼ਾਲੀ ਹੋਈਆਂ ਤਿੰਨ ਸੀਟਾਂ ਵਿੱਚੋਂ ਦੋ ਪਹਿਲਾਂ ਲਿਬਰਲ ਪਾਰਟੀ ਕੋਲ ਸਨ, ਜਦੋਂਕਿ ਇੱਕ ਸੀਟ ’ਤੇ ਕੰਜਰਵੇਟਿਵ ਪਾਰਟੀ ਕਾਬਜ਼ ਸੀ। ਇੰਜ ਲਿਬਰਲ ਪਾਰਟੀ ਕੋਲ ਹੁਣ ਸੰਸਦ ਦੇ 173 ਮੈਂਬਰ ਹੋ ਗਏ ਹਨ, ਜੋ ਕਿ ਬਹੁਮੱਤ ਤੋਂ ਇੱਕ ਵੱਧ ਹੈ।

343 ਮੈਂਬਰਾਂ ਦੇ ਹਾਊਸ ਵਿੱਚ ਮੁੱਖ ਵਿਰੋਧੀ ਪਾਰਟੀ ਯਾਨੀ ਕੰਜਰਵੇਟਿਵ ਪਾਰਟੀ ਦੇ 141, ਬਲਾਕ ਕਿਊਬਕਵਾ ਦੇ 22, ਐੱਨ.ਡੀ.ਪੀ. (NDP) ਦੇ 6 ਅਤੇ ਗ੍ਰੀਨ ਪਾਰਟੀ ਦਾ ਇੱਕ ਮੈਂਬਰ ਹੈ। ਲੰਘੇ ਤਿੰਨ ਮਹੀਨਿਆਂ ਵਿੱਚ ਖ਼ਾਲੀ ਹੋਈਆਂ ਤਿੰਨ ਸੀਟਾਂ ਵਿੱਚੋਂ ਦੋ ਲਿਬਰਲ ਦੀਆਂ ਘਟਣ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਲਈ ਕਿਸੇ ਹੋਰ ਪਾਰਟੀ ਵੱਲ ਝਾਕ ਰੱਖਣੀ ਪੈ ਰਹੀ ਸੀ, ਜਿਸ ਦੀ ਹੁਣ ਲੋੜ ਨਹੀਂ ਰਹੇਗੀ। ਵੈਨਕੂਵਰ, ਟੋਰਾਂਟੋ ਅਤੇ ਕਿਊਬੈਕ ਹਲਕਿਆਂ ਵਿੱਚ ਵੋਟਾਂ ਪੈਣ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ, ਜੋ ਸ਼ਾਮ ਤੱਕ ਹਲਕੀ ਰਫ਼ਤਾਰ ਨਾਲ ਚੱਲਦਾ ਰਿਹਾ ਅਤੇ ਸਮਾਂ ਖ਼ਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ ਸੀ। ਮੁਢਲੇ ਰੁਝਾਨਾਂ ਤੋਂ ਹੀ ਸੰਕੇਤ ਮਿਲਣ ਲੱਗੇ ਸਨ ਕਿ ਲਿਬਰਲ ਪਾਰਟੀ ਤਿੰਨੇ ਸੀਟਾਂ ਉੱਤੇ ਬਾਜ਼ੀ ਮਾਰ ਜਾਵੇਗੀ।

Share: