ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ Hindu Mandir ਢਾਹਿਆ

ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ Hindu Mandir ਢਾਹਿਆ

ਲਾਹੌਰ : ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ ਹਿੰਦੂ ਮੰਦਰ ਕਥਿਤ ਤੌਰ ’ਤੇ ਢਾਹ ਦਿੱਤਾ ਗਿਆ ਹੈ। ਘੱਟ ਗਿਣਤੀ ਜਥੇਬੰਦੀਆਂ ਦਾ ਦੋਸ਼ ਹੈ ਕਿ ਮੰਦਰ ਦੀ ਜ਼ਮੀਨ ਨਾਲ ਲੱਗਦੇ ਮਦਰੱਸੇ ਵਿੱਚ ਮਿਲਾਉਣ ਲਈ ਕੱਟੜਪੰਥੀਆਂ ਨੇ ਅਜਿਹਾ ਕੀਤਾ ਹੈ। ਦੂਜੇ ਪਾਸੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੁਰਾਣੀ ਇਮਾਰਤ ਭਾਰੀ ਮੀਂਹ ਕਾਰਨ ਡਿੱਗੀ ਹੈ। ਲਾਹੌਰ ਤੋਂ 130 ਕਿਲੋਮੀਟਰ ਦੂਰ ਨਾਰੋਵਾਲ ਦੇ ਪਿੰਡ ਸਿਰਾਜ ਵਿੱਚ ਇਹ ਮੰਦਰ 1000 ਵਰਗ ਮੀਟਰ ਵਿੱਚ ਬਣਿਆ ਹੋਇਆ ਸੀ। ਸਥਾਨਕ ਵਸਨੀਕਾਂ ਅਨੁਸਾਰ 21 ਅਗਸਤ ਨੂੰ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਪੀ) ਨਾਲ ਸਬੰਧਤ ਕੁੱਝ ਵਿਅਕਤੀਆਂ ਨੇ ਮੰਦਰ ਢਾਹ ਕੇ ਇੱਟਾਂ ਅਤੇ ਹੋਰ ਮਲਬਾ ਉਥੋਂ ਹਟਾ ਦਿੱਤਾ। ਇਸ ਦਾ ਸਖ਼ਤ ਵਿਰੋਧ ਕਰਦਿਆਂ ਪਾਕਿਸਤਾਨ ਮਸੀਹਾ ਮਿੱਲਤ ਪਾਰਟੀ ਦੇ ਚੇਅਰਮੈਨ ਅਸਲਮ ਪਰਵੇਜ਼ ਸਹੋਤਰਾ ਨੇ ਵਧੀਕ ਗ੍ਰਹਿ ਸਕੱਤਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮਾਂ ਅਤੇ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ ਟੀ ਪੀ ਬੀ) ਨੇ ਮੰਦਰ ਨਾਲ ਲੱਗਦੀ ਜ਼ਮੀਨ ਮਦਰੱਸੇ ਨੂੰ ਲੀਜ਼ ’ਤੇ ਦਿੱਤੀ ਗਈ ਸੀ। ਕਿਰਾਇਆ ਨਾ ਮਿਲਣ ਕਾਰਨ ਲੀਜ਼ ਰੱਦ ਹੋਣ ਦੇ ਬਾਵਜੂਦ ਨਾਜਾਇਜ਼ ਕਬਜ਼ਾ ਬਰਕਰਾਰ ਰਿਹਾ। ਹਿੰਦੂ ਆਗੂ ਰਤਨ ਲਾਲ ਨੇ ਘਟਨਾ ਦੀ ਨਿਖੇਧੀ ਕਰਦਿਆਂ ਮੰਦਰ ਦੀ ਮੁੜ ਉਸਾਰੀ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਈ ਟੀ ਪੀ ਬੀ ਅਧਿਕਾਰੀ ਰਾਣਾ ਇਫ਼ਤਿਖਾਰ ਨੇ ਸਪੱਸ਼ਟ ਕੀਤਾ ਕਿ ਮੰਦਰ ਦੀ ਜ਼ਮੀਨ ਕਿਸੇ ਨੂੰ ਲੀਜ਼ ਉੱਤੇ ਨਹੀਂ ਦਿੱਤੀ ਗਈ। ਇਸੇ ਦੌਰਾਨ ਘੱਟ ਗਿਣਤੀ ਆਗੂਆਂ ਨੇ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

Share: