ਹਲਦਵਾਨੀ ਰੈਲੀ ਵਿਵਾਦ: ਕਾਂਗਰਸ ਨੇ Rahul Gandhi ਵਿਰੁੱਧ ਦਰਜ FIR ਕਰਨ ਦੀ ਕੀਤੀ ਸਖ਼ਤ ਨਿਖੇਧੀ

ਹਲਦਵਾਨੀ ਰੈਲੀ ਵਿਵਾਦ: ਕਾਂਗਰਸ ਨੇ Rahul Gandhi ਵਿਰੁੱਧ ਦਰਜ FIR ਕਰਨ ਦੀ ਕੀਤੀ ਸਖ਼ਤ ਨਿਖੇਧੀ

ਨਵੀਂ ਦਿੱਲੀ : ਉੱਤਰਾਖੰਡ ਦੇ ਹਲਦਵਾਨੀ ਵਿੱਚ ਕਾਂਗਰਸ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਵਾਲੀ ਥਾਂ ਦੇ ਕਥਿਤ ਸ਼ੁੱਧੀਕਰਨ ਮਾਮਲੇ ਉੱਤੇ ਸਿਆਸਤ ਲਗਾਤਾਰ ਗਰਮਾ ਰਹੀ ਹੈ। ਇਸ ਮਾਮਲੇ ‘ਤੇ ਕਾਂਗਰਸ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਐੱਫ਼ ਆਈ ਆਰ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਕਾਂਗਰਸ ਨੇ ਕਿਹਾ ਕਿ “ਅਸਲ ਮੁੱਦਾ” ਇਹ ਹੈ ਕਿ ਉੱਤਰਾਖੰਡ ਦੀ ਭਾਜਪਾ ਸਰਕਾਰ ਨੇ ਹਲਦਵਾਨੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਵਰਤੇ ਗਏ ਮੰਚ ਦੇ ਕਥਿਤ “ਸ਼ੁੱਧੀਕਰਨ” ਕਰਨ ਵਾਲੇ ਲੋਕਾਂ ਵਿਰੁੱਧ ਹੁਣ ਤੱਕ ਕੇਸ ਕਿਉਂ ਨਹੀਂ ਦਰਜ ਕੀਤਾ। ਕਾਂਗਰਸ ਆਗੂਆਂ ਰਣਦੀਪ ਸਿੰਘ ਸੂਰਜੇਵਾਲਾ, ਕੁਮਾਰੀ ਸ਼ੈਲਜਾ ਅਤੇ ਪਵਨ ਖੇੜਾ ਨੇ ਰਾਹੁਲ ਖ਼ਿਲਾਫ਼ ਕੀਤੀ ਗਈ ਕਾਰਵਾਈ ’ਤੇ ਸਵਾਲ ਉਠਾਏ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਸ ਨੇ ਕਥਿਤ ਘਟਨਾ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੇਤਾ ਵਿਰੁੱਧ ਤਾਂ ਫ਼ੌਰਨ ਐੱਫ਼ ਆਈ ਆਰ ਦਰਜ ਕਰ ਦਿੱਤੀ, ਪਰ ਇਸ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉੱਥੇ ਹੀ ਪਵਨ ਖੇੜਾ ਨੇ ਕਿਹਾ, “ਰਾਹੁਲ ਜੀ ਵਿਰੁੱਧ ਦਰਜ ਐੱਫ਼ ਆਈ ਆਰ ਨੂੰ ਲੈ ਕੇ ਮੁੱਦਾ ਨਾ ਬਣਾਓ। ਜਿਸ ਵਿਅਕਤੀ ਖ਼ਿਲਾਫ਼ ਭਾਜਪਾ ਪੂਰੇ ਦੇਸ਼ ਵਿੱਚ 40-50 ਕੇਸ ਦਰਜ ਕਰ ਚੁੱਕੀ ਹੈ, ਉਸ ਦੇ ਖ਼ਿਲਾਫ਼ ਇੱਕ ਹੋਰ ਐੱਫ਼ ਆਈ ਆਰ ਦਰਜ ਹੋਣ ਨਾਲ ਸਾਡੇ ਸਿਰ ’ਤੇ ਕਿਹੜਾ ਅਸਮਾਨ ਡਿੱਗ ਪਿਆ ਹੈ? ਅਸਲ ਮੁੱਦਾ ਰਾਹੁਲ ਜੀ ਵਿਰੁੱਧ ਐੱਫ਼ ਆਈ ਆਰ ਦਾ ਨਹੀਂ ਹੈ। ਅਸਲ ਮੁੱਦਾ ‘ਸ਼ੁੱਧੀਕਰਨ’ ਦਾ ਹੈ।”

ਉਨ੍ਹਾਂ ਭਾਜਪਾ ਅਤੇ ਉੱਤਰਾਖੰਡ ਸਰਕਾਰ ਦੇ ਇਰਾਦਿਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ‘ਸ਼ੁੱਧੀਕਰਨ’ ਵਿਰੁੱਧ ਆਵਾਜ਼ ਚੁੱਕਣ ਵਾਲੇ ਵਿਅਕਤੀ ਵਿਰੁੱਧ ਤਾਂ ਐੱਫ਼ ਆਈ ਆਰ ਦਰਜ ਕਰ ਦਿੱਤੀ ਗਈ, ਪਰ ਇਸ ਨੂੰ ਕਥਿਤ ਤੌਰ ’ਤੇ ਅੰਜਾਮ ਦੇਣ ਜਾਂ ਇਸ ਦੀ ਸਾਜ਼ਿਸ਼ ਰਚਣ ਵਾਲਿਆਂ ਵਿਰੁੱਧ “ਇੱਕ ਵੀ ਐੱਫ਼ ਆਈ ਆਰ” ਦਰਜ ਨਹੀਂ ਕੀਤੀ ਗਈ।

ਖੇੜਾ ਨੇ ਕਿਹਾ ਕਿ ਖੜਗੇ ਨੇ ਖ਼ੁਦ ਸੰਸਦ ਵਿੱਚ ਖੜ੍ਹੇ ਹੋ ਕੇ ਕਿਹਾ ਸੀ ਕਿ ਕਥਿਤ ਸ਼ੁੱਧੀਕਰਨ ਕੀਤਾ ਗਿਆ ਹੈ।

ਖੇੜਾ ਨੇ ਪੁੱਛਿਆ, “ਇਹ ਉੱਤਰਾਖੰਡ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਐੱਫ਼ ਆਈ ਆਰ ਦਰਜ ਕਰੇ। ਜੋ ਕੁਝ ਵੀ ਹੋਇਆ, ਕਿਸ ਨੇ ਕੀਤਾ, ਕਿਉਂ ਕੀਤਾ—ਇਹ ਸਭ ਜਾਂਚ ਵਿੱਚ ਸਾਹਮਣੇ ਆ ਜਾਵੇਗਾ। ਤਾਂ ਫਿਰ ਐੱਫ਼ ਆਈ ਆਰ ਦਰਜ ਕਰਨ ਤੋਂ ਡਰ ਕਿਉਂ ਹੈ?”

ਕੁਮਾਰੀ ਸ਼ੈਲਜਾ ਨੇ ਵੀ ਰਾਹੁਲ ਖ਼ਿਲਾਫ਼ ਪੁਲੀਸ ਕਾਰਵਾਈ ਅਤੇ ‘ਸ਼ੁੱਧੀਕਰਨ’ ਕਰਨ ਵਾਲਿਆਂ ਵਿਰੁੱਧ ਕੋਈ ਕੇਸ ਨਾ ਹੋਣ ਦੇ ਫ਼ਰਕ ’ਤੇ ਸਵਾਲ ਉਠਾਏ।

ਉਨ੍ਹਾਂ ਕਿਹਾ, “ਪਹਿਲਾਂ ‘ਸ਼ੁੱਧੀਕਰਨ’ ਕੀਤਾ ਗਿਆ। ਫਿਰ ਉੱਤਰਾਖੰਡ ਦੇ ਭਾਜਪਾ ਪ੍ਰਧਾਨ ਨੇ ਖੁੱਲ੍ਹ ਕੇ ਇਸ ਦਾ ਬਚਾਅ ਕੀਤਾ ਅਤੇ ਹੁਣ, ਜਦੋਂ ਰਾਹੁਲ ਗਾਂਧੀ ਨੇ ਕਾਨੂੰਨ ਤਹਿਤ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਤਾਂ ਉੱਤਰਾਖੰਡ ਦੀ ਭਾਜਪਾ ਸਰਕਾਰ ਨੇ ਇਸ ਦੀ ਬਜਾਏ ਉਨ੍ਹਾਂ ਵਿਰੁੱਧ ਹੀ ਕੇਸ ਦਰਜ ਕਰ ਦਿੱਤਾ।”

ਇਸ ਨੂੰ ਭਾਜਪਾ-ਆਰ ਐੱਸ ਐੱਸ ਦੀ “ਦਲਿਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ” ਸੋਚ ਦੀ ਇੱਕ ਗੰਭੀਰ ਮਿਸਾਲ ਦੱਸਦਿਆਂ ਸ਼ੈਲਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ।

ਉਨ੍ਹਾਂ ਕਿਹਾ, “ਸ਼ੁੱਧੀਕਰਨ ’ਤੇ ਸਵਾਲ ਪੁੱਛੋ ਤਾਂ ਐੱਫ਼ ਆਈ ਆਰ ਹੈ। ਦਲਿਤ ਸਨਮਾਨ ਦੀ ਗੱਲ ਕਰੋ ਤਾਂ ਐੱਫ਼ ਆਈ ਆਰ ਹੈ। ਸੰਵਿਧਾਨ ਲਈ ਆਵਾਜ਼ ਚੁੱਕੋ ਤਾਂ ਐੱਫ਼ ਆਈ ਆਰ ਹੈ।”

Share: