Punjab Tirath Yatra: ਬਜ਼ੁਰਗਾਂ ਲਈ ‘ਤੀਰਥ ਯਾਤਰਾ ਯੋਜਨਾ’

Punjab Tirath Yatra: ਬਜ਼ੁਰਗਾਂ ਲਈ ‘ਤੀਰਥ ਯਾਤਰਾ ਯੋਜਨਾ’

ਢਲਦੀ ਉਮਰ ਵਿੱਚ ਹਰ ਬਜ਼ੁਰਗ ਦਾ ਇਹੀ ਦਿਲੀ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਕੁਝ ਖ਼ਾਸ ਪਲ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਅਤੇ ਪ੍ਰਭੂ ਦੀ ਭਗਤੀ ਵਿੱਚ ਬਿਤਾਏ ਪਰ ਅਕਸਰ ਉਮਰ ਦੇ ਇਸ ਪੜਾਅ ਉੱਤੇ ਆਰਥਿਕ ਤੰਗੀ, ਸਰੀਰਕ ਕਮਜ਼ੋਰੀ, ਆਵਾਜਾਈ ਦੇ ਸਾਧਨਾਂ ਦੀ ਘਾਟ ਅਤੇ ਹੋਰ ਘਰੇਲੂ ਜ਼ਿੰਮੇਵਾਰੀਆਂ ਕਾਰਨ ਉਨ੍ਹਾਂ ਦੀਆਂ ਇਹ ਇੱਛਾਵਾਂ ਮਨ ਦੇ ਅੰਦਰ ਹੀ ਦਬ ਕੇ ਰਹਿ ਜਾਂਦੀਆਂ ਹਨ। ਬਜ਼ੁਰਗਾਂ ਦੇ ਇਨ੍ਹਾਂ ਅਧੂਰੇ ਅਰਮਾਨਾਂ ਅਤੇ ਲੰਮੇ ਸਮੇਂ ਤੋਂ ਸਾਂਭੀਆਂ ਤਾਂਘਾਂ ਨੂੰ ਪਛਾਣਦਿਆਂ ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਸਾਡੇ ਸੂਬੇ ਦੇ ਬਜ਼ੁਰਗਾਂ ਲਈ ਇੱਕ ਸੱਚਾ ਸਹਾਰਾ ਸਾਬਿਤ ਹੋ ਰਹੀ ਹੈ।

ਇਸ ਯੋਜਨਾ ਤਹਿਤ ਪੰਜਾਬ ਦੇ ਵਸਨੀਕ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਬਿਨਾਂ ਕਿਸੇ ਆਰਥਿਕ ਬੋਝ ਦੇ ਬਿਲਕੁਲ ਮੁਫ਼ਤ ਤੀਰਥ ਯਾਤਰਾ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ। ਸਰਕਾਰ ਵੱਲੋਂ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਹਰ ਸੰਭਵ ਸਹੂਲਤ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ ਜਿਸ ਵਿੱਚ ਆਉਣ-ਜਾਣ ਦੇ ਸਾਧਨਾਂ ਤੋਂ ਇਲਾਵਾ ਰਿਹਾਇਸ਼ ਦਾ ਪ੍ਰਬੰਧ ਅਤੇ ਖਾਣ-ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਇਸ ਨਾਲ ਬਜ਼ੁਰਗਾਂ ਨੂੰ ਪੈਸੇ ਦੀ ਤੰਗੀ ਜਾਂ ਕਿਸੇ ਹੋਰ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਉਹ ਪੂਰੀ ਮਾਨਸਿਕ ਸ਼ਾਂਤੀ ਤੇ ਸ਼ਰਧਾ ਨਾਲ ਆਪਣੇ ਮਨਭਾਉਂਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਦੇ ਹਨ। ਲੰਮੇ ਸਫ਼ਰ ਦੌਰਾਨ ਸ਼ਰਧਾਲੂਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਹਮੇਸ਼ਾ ਸਰਬ ਉੱਚ ਪਹਿਲ ਦਿੱਤੀ ਜਾਂਦੀ ਹੈ। ਕਿਸੇ ਵੀ ਐਮਰਜੈਂਸੀ ਜਾਂ ਸਿਹਤ ਸਬੰਧੀ ਹਾਲਾਤ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ, ਸਬੰਧਿਤ ਅਧਿਕਾਰੀ ਅਤੇ ਸੇਵਾਦਾਰ ਲਗਾਤਾਰ ਯਾਤਰੀਆਂ ਨਾਲ ਮੌਜੂਦ ਰਹਿੰਦੇ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਾ ਪੇਸ਼ ਆਵੇ।

ਇਸ ਤੋਂ ਇਲਾਵਾ ਹਰ ਯਾਤਰੀ ਨੂੰ ਸਫ਼ਰ ਦੌਰਾਨ ਲੋੜੀਂਦੀਆਂ ਜ਼ਰੂਰੀ ਵਸਤਾਂ ਜਿਵੇਂ ਕਿ ਕੰਬਲ, ਚਾਦਰਾਂ, ਤੌਲੀਏ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ ਦੀ ਇੱਕ ਵਿਸ਼ੇਸ਼ ਕਿੱਟ ਵੀ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।

ਇਸ ਵਿਸ਼ੇਸ਼ ਸਕੀਮ ਦੇ ਦਾਇਰੇ ਵਿੱਚ ਦੇਸ਼ ਭਰ ਦੇ ਅਨੇਕਾਂ ਪ੍ਰਮੁੱਖ ਧਾਰਮਿਕ, ਇਤਿਹਾਸਕ ਅਤੇ ਆਸਥਾ ਦੇ ਕੇਂਦਰ ਸ਼ਾਮਿਲ ਹਨ, ਜਿੱਥੇ ਸ਼ਰਧਾਲੂ ਬਿਨਾਂ ਕਿਸੇ ਚਿੰਤਾ ਦੇ ਨਤਮਸਤਕ ਹੋਣ ਜਾਂਦੇ ਹਨ। ਇਸ ਸੇਵਾ ਦਾ ਲਾਭ ਉਠਾਉਣ ਲਈ ਇਛੁੱਕ ਯਾਤਰੀਆਂ ਨੂੰ ਕੁਝ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਪਛਾਣ ਪੱਤਰ, ਰਿਹਾਇਸ਼ ਦਾ ਸਬੂਤ ਅਤੇ ਸਿਹਤ ਸਰਟੀਫਿਕੇਟ ਆਦਿ ਨਾਲ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਦੀ ਇਸ ਲੋਕ-ਪੱਖੀ ਨੀਤੀ ਸਦਕਾ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਯਾਤਰਾ ਕਰਕੇ ਆਪਣੇ ਮਨ ਨੂੰ ਸਕੂਨ ਪਹੁੰਚਾ ਰਹੇ ਹਨ ਅਤੇ ਆਪਣੇ ਜੀਵਨ ਦੇ ਇਸ ਪੜਾਅ ਨੂੰ ਹੋਰ ਖ਼ੁਸ਼ਗਵਾਰ ਬਣਾ ਰਹੇ ਹਨ।

Share: