ਚੰਡੀਗੜ੍ਹ : ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਖੁੱਲ੍ਹ ਕੇ ਤਾਰੀਫ਼ ਨੇ ਕਾਂਗਰਸ ਪਾਰਟੀ ਦੇ ਅੰਦਰੂਨੀ ਹਲਕਿਆਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਰਹੀ ਕਿ ਚੰਨੀ ਨੇ ਖ਼ੁਦ ਤਰਸੇਮ ਸਿੰਘ ਵੱਲੋਂ ਆਪਣੀ ਸ਼ਲਾਘਾ ਵਾਲੀ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ’ਤੇ ਸ਼ੇਅਰ ਕੀਤਾ ਹੈ। ਤਰਸੇਮ ਸਿੰਘ ਵੱਲੋਂ ਇਹ ਸ਼ਲਾਘਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਚਰਨਜੀਤ ਸਿੰਘ ਚੰਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਹਮਦਰਦੀ ਕਰਨ ਵਾਲੇ ਆਪਣੀ ਹੀ ਪਾਰਟੀ ਦੇ ਆਗੂਆਂ ’ਤੇ ਤਿੱਖਾ ਹਮਲਾ ਬੋਲਦਿਆਂ ਸੱਜਣ ਕੁਮਾਰ ਨੂੰ ‘ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗੱਦਾਰ’ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਚੰਨੀ ਨੇ ਲੋਕ ਸਭਾ ਵਿੱਚ ਬੋਲਦਿਆਂ ਜੇਲ੍ਹ ਵਿੱਚ ਬੰਦ ਐੱਮ.ਪੀ. ਅੰਮ੍ਰਿਤਪਾਲ ਸਿੰਘ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਤਰਜਮਾਨ ਜੈਰਾਮ ਰਮੇਸ਼ ਨੇ ਸਪੱਸ਼ਟ ਕੀਤਾ ਸੀ ਕਿ ਚੰਨੀ ਦਾ ਇਹ ਬਿਆਨ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਅਤੇ ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਚੰਨੀ ਹੁਣ ‘ਪੰਥਕ ਰਾਜਨੀਤੀ’ ਵਿੱਚ ਪੈਰ ਧਰ ਰਹੇ ਹਨ – ਇੱਕ ਅਜਿਹਾ ਖੇਤਰ ਜਿਸ ਤੋਂ ਕਾਂਗਰਸ ਹਮੇਸ਼ਾ ਦੂਰੀ ਬਣਾ ਕੇ ਰੱਖਦੀ ਆਈ ਹੈ।
Posted inChandigarh
MP Amritpal Singh ਦੇ ਪਿਤਾ ਵੱਲੋਂ Channi ਦੀ ਤਾਰੀਫ਼ ਨਾਲ ਕਾਂਗਰਸ ’ਚ ਛਿ਼ੜੀ ਨਵੀਂ ਬਹਿਸ; ਵੀਡੀਓ ਸ਼ੇਅਰ ਕਰਨ ’ਤੇ ਉੱਠੇ ਸਵਾਲ

