Meta ਨੇ ਬੱਚਿਆਂ ਲਈ ਨਿਯਮ ਸਖ਼ਤ ਕੀਤੇ

Meta ਨੇ ਬੱਚਿਆਂ ਲਈ ਨਿਯਮ ਸਖ਼ਤ ਕੀਤੇ

ਓਕਲੈਂਡ : 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੇਤੀ ਹੀ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਕਈ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਮੈਟਾ ਨੇ 48 ਅਮਰੀਕੀ ਸੂਬਿਆਂ ਨਾਲ 18 ਅਰਬ ਡਾਲਰ ਦਾ ਇਤਿਹਾਸਕ ਸਮਝੌਤਾ ਕੀਤਾ ਹੈ। ਮੈਟਾ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੀ ਕੋਈ ਸਹੂਲਤ ਨਾ ਦੇਣ ’ਤੇ ਸਹਿਮਤੀ ਪ੍ਰਗਟਾਈ ਹੈ। ਨਾਬਾਲਗਾਂ ਲਈ ਅੱਧੀ ਰਾਤ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕੋਈ ਵੀ ਐਪ ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਿਰਫ਼ ਦੋ ਘੰਟੇ ਲਈ ਕਰਨ ਨੂੰ ਮਿਲੇਗੀ। ਮੈਟਾ ਨੇ ਭਾਵੇਂ ਇਹ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਆਲੋਚਕਾਂ ਨੇ ਖ਼ਬਰਦਾਰ ਕੀਤਾ ਹੈ ਕਿ ਸੋਸ਼ਲ ਮੀਡੀਆ ਨਾਲ ਸਬੰਧਤ ਸਮੱਸਿਆਵਾਂ ਏਨੀ ਛੇਤੀ ਖ਼ਤਮ ਨਹੀਂ ਹੋਣਗੀਆਂ।

ਮੈਟਾ ਦੇ ਸਾਬਕਾ ਇੰਜਨੀਅਰਿੰਗ ਡਾਇਰੈਕਟਰ ਅਰਟੂਰੋ ਬੇਜਾਰ ਨੇ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਮਾਪਿਆਂ ਨੂੰ ਕਿਹਾ ਕਿ ਉਹ ਬੱਚਿਆਂ ਲਈ ਇੰਸਟਾਗ੍ਰਾਮ ਨੂੰ ਅਚਾਨਕ ਸੁਰੱਖਿਅਤ ਨਾ ਸਮਝ ਲੈਣ। ਮਾਹਿਰਾਂ ਦਾ ਮੰਨਣਾ ਹੈ ਕਿ ਦੋ ਘੰਟੇ ਤੱਕ ਸੋਸ਼ਲ ਮੀਡੀਆ ਦੇਖਣ ਮਗਰੋਂ ਬੱਚੇ ਭਾਵੇਂ ਫੋਨ ਛੱਡ ਦੇਣ ਪਰ ਇਸ ਨਾਲ ਉਹ ਮਾਨਸਿਕ ਤੌਰ ’ਤੇ ਤਣਾਅ ’ਚ ਆ ਸਕਦੇ ਹਨ ਕਿਉਂਕਿ ਇਹ ਆਦਤ ਛੇਤੀ ਛੁਟਣ ਵਾਲੀ ਨਹੀਂ ਹੈ। ਔਨਲਾਈਨ ਕੰਪਨੀ ਫੇਅਰਪਲੇਅ ਦੇ ਕਾਰਜਕਾਰੀ ਡਾਇਰੈਕਟਰ ਜੋਸ਼ ਗੋਲਿਨ ਨੇ ਕਿਹਾ ਕਿ ਮਾਪਿਆਂ ਦੇ ਹੱਥ ਕੰਟਰੋਲ ਦੇਣ ਦੀ ਬਜਾਏ ਖ਼ਤਰਨਾਕ ਫੀਚਰਾਂ ’ਤੇ ਰੋਕ ਲਈ ਕੰਮ ਕਰਨਾ ਚਾਹੀਦਾ ਹੈ। ਸਾਈਬਰ ਸੇਫਟੀ ਰਿਸਰਚ ਸੈਂਟਰ ਦੀ ਡਾਇਰੈਕਟਰ ਯੇਇਨ ਆਇਸਨਸਟੈਟ ਨੇ ਕਿਹਾ ਕਿ ਦੇਖਣਾ ਪਵੇਗਾ ਕਿ ਸਾਰੀਆਂ ਤਬਦੀਲੀਆਂ ਲਾਗੂ ਹੁੰਦੀਆਂ ਹਨ ਜਾਂ ਨਹੀਂ। ਕਈ ਸਾਲਾਂ ਤੋਂ ਮੈਟਾ ਆਪਣੇ ਮੁਨਾਫੇ ਲਈ ਮੁਲਾਜ਼ਮਾਂ ਦੀ ਸਲਾਹ ਨੂੰ ਅਣਗੌਲਿਆ ਕਰਦਾ ਆ ਰਿਹਾ ਸੀ ਪਰ ਹੁਣ ਉਸ ਨੂੰ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਹਾਲੇ ਬਹੁਤ ਕੰਮ ਕਰਨਾ ਬਾਕੀ ਹੈ ਅਤੇ ਬੱਚਿਆਂ ਦੀ ਸੁਰੱਖਿਆ ਲਈ ਸਾਰਿਆਂ ਨੂੰ ਰਲ ਕੇ ਯਤਨ ਕਰਨੇ ਪੈਣਗੇ।

Share: