ਰਤੀਆ : ਪਿੰਡ ਮੇਹੂਵਾਲਾ ਵਿੱਚ ਆਂਗਣਵਾੜੀ ਵਰਕਰ ਸੁਦੇਸ਼ ਅਤੇ ਉਸ ਦੇ ਦੋ ਬੱਚਿਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਘਰ ’ਚ ਪਾਣੀ ਦੇ ਟੈਂਕ ’ਚੋਂ ਮਿਲੀਆਂ ਹਨ। ਮ੍ਰਿਤਕਾ ਦੇ ਭਰਾ ਪ੍ਰਵੀਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸ ਦੇ ਪਤੀ ਸੰਦੀਪ ਮਾਚਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਰਿਵਾਰ ਅਨੁਸਾਰ ਸੁਦੇਸ਼ ਨੇ ਸਾਲ 2014 ਵਿੱਚ ਮੇਹੂਵਾਲਾ ਵਾਸੀ ਸੰਦੀਪ ਉਰਫ਼ ਕਾਲਾ ਨਾਲ ਪ੍ਰੇਮ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਬੱਚੇ ਸਨ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਨਸ਼ੇੜੀ ਸੀ ਅਤੇ ਇਸ ਕਾਰਨ ਸੁਦੇਸ਼ ਕਾਫ਼ੀ ਪ੍ਰੇਸ਼ਾਨ ਸੀ। ਪਰਿਵਾਰ ਦਾ ਦਾਅਵਾ ਹੈ ਕਿ ਸੁਦੇਸ਼ ਨੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਨੇ ਆਪਣੇ ਪਰਿਵਾਰਕ ਹਾਲਾਤ ਅਤੇ ਪਤੀ ਵੱਲੋਂ ਦਿੱਤੀ ਜਾ ਰਹੀ ਪ੍ਰੇਸ਼ਾਨੀ ਬਾਰੇ ਗੱਲ ਕੀਤੀ ਸੀ। ਪ੍ਰਵੀਨ ਨੇ ਦੱਸਿਆ ਕਿ 6 ਅਗਸਤ ਨੂੰ ਸੰਦੀਪ ਨੇ ਉਸ ਨੂੰ ਫੋਨ ਕਰ ਕੇ ਸੁਦੇਸ਼ ਅਤੇ ਦੋਵਾਂ ਬੱਚਿਆਂ ਦੇ ਘਰ ਵਿੱਚ ਨਾ ਮਿਲਣ ਬਾਰੇ ਜਾਣਕਾਰੀ ਦਿੱਤੀ ਸੀ। ਪੁਲੀਸ ਅਨੁਸਾਰ ਸੁਦੇਸ਼ ਅਤੇ ਬੱਚਿਆਂ ਦੀ ਭਾਲ ਕਰਨ ’ਤੇ ਤਿੰਨਾਂ ਦੀਆਂ ਲਾਸ਼ਾਂ ਘਰ ਦੇ ਪਾਣੀ ਵਾਲੇ ਟੈਂਕ ’ਚੋਂ ਮਿਲੀਆਂ। ਭੱਟੂ ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਵਿਜੇਂਦਰ ਪਿਲਾਨੀਆ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਅਤੇ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

