ਕੋਲਕਾਤਾ : ਇੱਥੇ ਪੰਜ ਮੰਜ਼ਿਲਾ ਤੰਗ ਇਮਾਰਤ ਜਿਸ ’ਚ ਕਈ ਹੋਟਲ ਚੱਲ ਰਹੇ ਸਨ, ਵਿੱਚ ਅੱਗ ਲੱਗਣ ਨਾਲ ਚਾਰ ਸਾਲ ਦੇ ਬੱਚੇ ਅਤੇ ਦੋ ਔਰਤਾਂ ਸਣੇ ਘੱਟੋ-ਘੱਟ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੱਧ ਕੋਲਕਾਤਾ ਦੀ ਮਿਰਜ਼ਾ ਗਾਲਿਬ ਸਟਰੀਟ ’ਤੇ ਸਥਿਤ ਇਸ ਇਮਾਰਤ ਵਿੱਚ ਤੜਕੇ ਲਗਪਗ 1.45 ਵਜੇ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲੀਸ, ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੁਲਾਜ਼ਮ ਬਚਾਅ ਕਾਰਜ ਚਲਾ ਰਹੇ ਸਨ।
ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਪੰਜ ਮੰਜ਼ਿਲਾ ਇਮਾਰਤ ਵਿੱਚੋਂ 80 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਮੰਤਰੀ ਕੌਸ਼ਿਕ ਚੌਧਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਭਾਰਤੀ ਅਤੇ ਬੰਗਲਾਦੇਸ਼ੀ ਦੋਵੇਂ ਸ਼ਾਮਲ ਹਨ। ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਚੌਧਰੀ ਨੇ ਕਿਹਾ, ‘‘ਅਸੀਂ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਇਮਾਰਤ ਦੇ ਅੰਦਰ ਦੀ ਸਥਿਤੀ ਬਹੁਤ ਖ਼ਰਾਬ ਹੈ। ਇਸ ਇਮਾਰਤ ਦੇ ਅੰਦਰ ਕਈ ਹੋਟਲ ਹਨ। ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਇੱਥੇ ਕੀ ਚੱਲ ਰਿਹਾ ਸੀ।’’ ਮੰਤਰੀ ਨੇ ਕਿਹਾ ਕਿ ਮੌਤ ਦਾ ਕਾਰਨ ਧੂੰਏਂ ਕਾਰਨ ਦਮ ਘੁਟਣਾ ਹੋ ਸਕਦਾ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਸੰਘਣੇ ਧੂੰਏਂ ਕਾਰਨ ਫਾਇਰ ਸਟਾਫ ਲਈ ਪੌੜੀਆਂ ਚੜ੍ਹਨਾ ਅਤੇ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਸੀ। ਨੌਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਛੇ ਹੋਰ ਜ਼ਖਮੀ ਹੋਏ ਹਨ।’’ ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਛੇ ਪੁਰਸ਼, ਦੋ ਔਰਤਾਂ ਅਤੇ ਇੱਕ ਚਾਰ ਸਾਲ ਦਾ ਬੱਚਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
ਹਾਦਸੇ ਦੀ ਜਾਂਚ ਲਈ ਸਿਟ ਬਣਾਈ
ਕੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਮੱਧ ਕੋਲਕਾਤਾ ਦੀ ਮਿਰਜ਼ਾ ਗਾਲਿਬ ਸਟਰੀਟ ’ਤੇ ਸਥਿਤ ਇੱਕ ਹੋਟਲ ਵਿੱਚ ਲੱਗੀ ਅੱਗ ਦੀ ਵਿਆਪਕ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਇਹ ਤ੍ਰਾਸਦੀ ਪਿਛਲੀ ਸਰਕਾਰ ਵੱਲੋਂ ਛੱਡੀ ਗਈ ਲਾਪ੍ਰਵਾਹੀ ਦੀ ਪੁਰਾਣੀ ਵਿਰਾਸਤ ਦੀ ਗੰਭੀਰ ਯਾਦ ਦਿਵਾਉਂਦੀ ਹੈ। ਪ੍ਰਸ਼ਾਸਨ ਦਾ ਧਿਆਨ ਬਚਾਅ ਤੇ ਰਾਹਤ ਕਾਰਜਾਂ, ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ’ਤੇ ਹੈ।

