ਇਸਲਾਮਾਬਾਦ : ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਇੱਕ ਗੰਭੀਰ ਅਤੇ ਲਾਇਲਾਜ ਬਿਮਾਰੀ ਤੋਂ ਪੀੜਤ ਹੋਣ ਦੀ ਗੱਲ ਨੂੰ ਗੁਪਤ ਰੱਖਣ ਲਈ ਮੁੰਬਈ ਦੇ ਦੋ ਡਾਕਟਰਾਂ ਨੂੰ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ ‘ਨਿਸ਼ਾਨ-ਏ-ਇਮਤਿਆਜ਼’ ਨਾਲ ਨਿਵਾਜਿਆ ਜਾਵੇਗਾ। ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਇਹ ਜਾਣਕਾਰੀ ਦਿੱਤੀ ਹੈ। ਇਕਬਾਲ ਨੇ 14 ਅਗਸਤ ਨੂੰ ਸਿਵਲ ਅਤੇ ਫ਼ੌਜੀ ਸਨਮਾਨਾਂ ਲਈ ਚੁਣੇ ਗਏ ਨਾਵਾਂ ਦੀ ਘੋਸ਼ਣਾ ਕਰਨ ਤੋਂ ਬਾਅਦ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ, “ਪੁਰਸਕਾਰ ਕਮੇਟੀ ਦੇ ਚੇਅਰਮੈਨ ਵਜੋਂ ਮੈਨੂੰ ਦੋ ਬਿਹਤਰੀਨ ਡਾਕਟਰਾਂ—ਇੱਕ ਫਿਜ਼ੀਸ਼ੀਅਨ ਅਤੇ ਇੱਕ ਰੇਡੀਓਲੋਜਿਸਟ—ਨੂੰ ‘ਨਿਸ਼ਾਨ-ਏ-ਇਮਤਿਆਜ਼’ ਲਈ ਨਾਮਜ਼ਦ ਕਰਨ ਦਾ ਸੁਭਾਗ ਮਿਲਿਆ। ਮੁੰਬਈ ਵਿੱਚ ਰਹਿਣ ਵਾਲੇ ਅਤੇ ਪਾਰਸੀ ਭਾਈਚਾਰੇ ਨਾਲ ਸਬੰਧਤ ਇਨ੍ਹਾਂ ਡਾਕਟਰਾਂ ਨੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਗੰਭੀਰ ਬਿਮਾਰੀ ਨਾਲ ਜੂਝਣ ਦੀ ਗੱਲ ਨੂੰ ਪੂਰੀ ਇਮਾਨਦਾਰੀ ਨਾਲ ਗੁਪਤ ਰੱਖਿਆ ਸੀ।” ਹਾਲਾਂਕਿ, ਇਕਬਾਲ ਨੇ ‘ਨਿਸ਼ਾਨ-ਏ-ਇਮਤਿਆਜ਼’ ਲਈ ਚੁਣੇ ਗਏ ਦੋਵਾਂ ਡਾਕਟਰਾਂ ਦੇ ਨਾਮ ਨਹੀਂ ਦੱਸੇ ਅਤੇ ਨਾ ਹੀ ਇਹ ਦੱਸਿਆ ਕਿ ਉਨ੍ਹਾਂ ਵੱਲੋਂ ਪੁਰਸਕਾਰ ਕੌਣ ਪ੍ਰਾਪਤ ਕਰੇਗਾ।
ਇਕਬਾਲ ਨੇ ਕਿਹਾ ਕਿ ਜਿਨਾਹ ਦੀ ਖ਼ਰਾਬ ਸਿਹਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਆਉਣ ਨਾਲ 1947 ਵਿੱਚ ਪਾਕਿਸਤਾਨ ਦੇ ਇੱਕ ਆਜ਼ਾਦ ਰਾਸ਼ਟਰ ਵਜੋਂ ਸਥਾਪਨਾ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਸੀ।
ਉਨ੍ਹਾਂ ਕਿਹਾ, “ਕਈ ਇਤਿਹਾਸਕਾਰ ਇਸ ਨੂੰ 20ਵੀਂ ਸਦੀ ਦੇ ਸਭ ਤੋਂ ਅਹਿਮ ਭੇਦਾਂ ਵਿੱਚੋਂ ਇੱਕ ਮੰਨਦੇ ਹਨ। ਲਾਰਡ ਮਾਊਂਟਬੈਟਨ ਨੇ ਬਾਅਦ ਵਿੱਚ ਸਵੀਕਾਰ ਕੀਤਾ ਸੀ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਜਿਨਾਹ ਕਿੰਨੇ ਗੰਭੀਰ ਰੂਪ ਵਿੱਚ ਬਿਮਾਰ ਸਨ, ਤਾਂ ਸ਼ਾਇਦ ਉਹ ਵੰਡ ਨੂੰ ਟਾਲ ਦਿੰਦੇ। ਇਸ ਨਾਲ ਇਤਿਹਾਸ ਦੀ ਧਾਰਾ ਬਦਲ ਸਕਦੀ ਸੀ ਅਤੇ ਸ਼ਾਇਦ ਪਾਕਿਸਤਾਨ ਦੀ ਸਥਾਪਨਾ ‘ਤੇ ਵੀ ਖ਼ਤਰਾ ਮੰਡਰਾ ਸਕਦਾ ਸੀ।”
ਪਾਕਿਸਤਾਨ ਵਿੱਚ ਸਿਵਲ ਅਤੇ ਫ਼ੌਜੀ ਪੁਰਸਕਾਰਾਂ ਦੇ ਜੇਤੂਆਂ ਦੇ ਨਾਮ ਦੇਸ਼ ਦੇ ਆਜ਼ਾਦੀ ਦਿਵਸ (14 ਅਗਸਤ) ‘ਤੇ ਐਲਾਨੇ ਜਾਂਦੇ ਹਨ। ਰਾਸ਼ਟਰਪਤੀ ਪਾਕਿਸਤਾਨ ਦਿਵਸ (23 ਮਾਰਚ) ‘ਤੇ ਆਯੋਜਿਤ ਸਨਮਾਨ ਸਮਾਰੋਹ ਵਿੱਚ ਜੇਤੂਆਂ ਨੂੰ ਰਸਮੀ ਤੌਰ ‘ਤੇ ਸਨਮਾਨਿਤ ਕਰਦੇ ਹਨ।
ਜ਼ਿਕਰਯੋਗ ਹੈ ਕਿ ਜਿਨਾਹ ਟੀ ਬੀ ਤੋਂ ਪੀੜਤ ਸਨ, ਜੋ ਉਸ ਸਮੇਂ ਇੱਕ ਲਾਇਲਾਜ ਬਿਮਾਰੀ ਸੀ। ਉਨ੍ਹਾਂ ਦਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਲਗਪਗ ਇੱਕ ਸਾਲ ਬਾਅਦ ਸਤੰਬਰ 1948 ਵਿੱਚ 71 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਸੀ।

