ਦੁਬਈ : ਏਸ਼ਿਆਈ ਕ੍ਰਿਕਟ ਕੌਂਸਲ ਨੇ ਜਾਣਕਾਰੀ ਦਿੱਤੀ ਕਿ ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਭਾਰਤ ਦਾ ਮੁਕਾਬਲਾ 5 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਅੱਠ ਟੀਮਾਂ ਵਾਲਾ ਇਹ ਟੂਰਨਾਮੈਂਟ 28 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਇਹ 13 ਸਤੰਬਰ ਤੱਕ ਜਾਰੀ ਰਹੇਗਾ ਜਿਸ ਦਾ ਪਹਿਲਾ ਮੁਕਾਬਲਾ ਗਰੁੱਪ ਏ ਤਹਿਤ ਹਾਂਗਕਾਂਗ ਅਤੇ ਥਾਈਲੈਂਡ ਵਿਚਕਾਰ ਖੇਡਿਆ ਜਾਵੇਗਾ। ਗਰੁੱਪ ਏ ਵਿੱਚ ਭਾਰਤ, ਪਾਕਿਸਤਾਨ, ਥਾਈਲੈਂਡ, ਹਾਂਗਕਾਂਗ ਅਤੇ ਚੀਨ ਨੂੰ ਰੱਖਿਆ ਗਿਆ ਹੈ। ਮੌਜੂਦਾ ਚੈਂਪੀਅਨ ਸ੍ਰੀਲੰਕਾ, ਬੰਗਲਾਦੇਸ਼, ਯੂ.ਏ.ਈ. ਅਤੇ ਇੰਡੋਨੇਸ਼ੀਆ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ।
ਮਹਿਲਾ ਏਸ਼ੀਆ ਕੱਪ ਦਾ ਇਹ ਛੇਵਾਂ ਐਡੀਸ਼ਨ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ, ਜਿਸ ਵਿੱਚ ਟੀਮਾਂ ਸਿੰਗਲ ਰਾਊਂਡ-ਰੌਬਿਨ ਗਰੁੱਪ ਸਟੇਜ ਵਿੱਚ ਆਪਸ ਵਿੱਚ ਮੁਕਾਬਲਾ ਕਰਨਗੀਆਂ। ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ, ਜੋ ਕਿ 10 ਸਤੰਬਰ (ਏ-1 ਬਨਾਮ ਬੀ-2) ਅਤੇ 11 ਸਤੰਬਰ (ਏ-2 ਬਨਾਮ ਬੀ-1) ਨੂੰ ਖੇਡੇ ਜਾਣਗੇ, ਜਦਕਿ ਫ਼ਾਈਨਲ ਮੁਕਾਬਲਾ 13 ਸਤੰਬਰ ਨੂੰ ਹੋਵੇਗਾ। ਗਰੁੱਪ ਬੀ ਵਿੱਚ ਸ੍ਰੀਲੰਕਾ ਦਾ ਮੁਕਾਬਲਾ 6 ਸਤੰਬਰ ਨੂੰ ਬੰਗਲਾਦੇਸ਼ ਨਾਲ ਹੋਵੇਗਾ, ਜਦਕਿ ਮੇਜ਼ਬਾਨ ਯੂ.ਏ.ਈ. ਅਤੇ ਇੰਡੋਨੇਸ਼ੀਆ ਇਸ ਪੂਲ ਦੀਆਂ ਬਾਕੀ ਟੀਮਾਂ ਹਨ।
ਸਭ ਤੋਂ ਸਫ਼ਲ ਟੀਮ ਰਹੀ ਹੈ ਭਾਰਤ
ਸ੍ਰੀਲੰਕਾ ਇਸ ਟੂਰਨਾਮੈਂਟ ਵਿੱਚ ਮੌਜੂਦਾ ਚੈਂਪੀਅਨ ਵਜੋਂ ਉਤਰੇਗਾ, ਜਦਕਿ ਬੰਗਲਾਦੇਸ਼ ਨੇ 2018 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਭਾਰਤ ਇਸ ਮੁਕਾਬਲੇ ਵਿੱਚ ਸਭ ਤੋਂ ਸਫ਼ਲ ਟੀਮ ਬਣਿਆ ਹੋਇਆ ਹੈ, ਜਿਸ ਨੇ ਸੱਤ ਵਾਰ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ ਜਿਸ ਵਿੱਚ ਚਾਰ ਵਾਰ ਵਨਡੇਅ ਫਾਰਮੈਟ (2004-08) ਅਤੇ ਤਿੰਨ ਵਾਰ ਟੀ-20 ਫਾਰਮੈਟ (2012, 2016 ਅਤੇ 2022) ਸ਼ਾਮਲ ਹਨ।

