ਚੰਡੀਗੜ੍ਹ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਕੂਲੀ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਸਕੱਤਰ ਅਤੇ ਮੋਗਾ ਦੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਰਿਪੋਰਟ ਤਲਬ ਕਰ ਲਈ ਹੈ। ਕੌਮੀ ਕਮਿਸ਼ਨ ਨੇ ਇੱਕ ਮੀਡੀਆ ਰਿਪੋਰਟ ਦੇ ਆਧਾਰ ‘ਤੇ ਜ਼ਿਲ੍ਹਾ ਮੋਗਾ ਦੇ ਪਿੰਡ ਮੋਠਾਂਵਾਲੀ ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਸਕੂਲੀ ਲੜਕੀਆਂ ਨਾਲ ਛੇੜਛਾੜ ਕੀਤੇ ਜਾਣ ਦੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਇਸ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਸਨ। ਪਿੰਡ ਮੋਠਾਂਵਾਲੀ ਦੇ ਸਕੂਲ ਦੀਆਂ ਛੇਵੀਂ ਅਤੇ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਅਧਿਆਪਕ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਸੀ ਕਿ ਅਧਿਆਪਕ ਉਨ੍ਹਾਂ ਨਾਲ ਛੇੜਛਾੜ ਕਰਦਾ ਹੈ ਅਤੇ ਨਾਲ ਹੀ ਧਮਕੀਆਂ ਦਿੰਦਾ ਹੈ ਕਿ ਜੇਕਰ ਕਿਸੇ ਲੜਕੀ ਨੇ ਇਸ ਗੱਲ ਦੀ ਭਿਣਕ ਬਾਹਰ ਕੱਢੀ ਤਾਂ ਉਸ ਨੂੰ ਫ਼ੇਲ੍ਹ ਕਰ ਦਿੱਤਾ ਜਾਵੇਗਾ। ਕੌਮੀ ਕਮਿਸ਼ਨ ਨੇ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਇਹ ਘਟਨਾ ਸੱਚੀ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦਾ ਮਾਮਲਾ ਬਣਦਾ ਹੈ। ਕਮਿਸ਼ਨ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਅਤੇ ਜ਼ਿਲ੍ਹਾ ਮੋਗਾ ਦੇ ਐੱਸ ਐੱਸ ਪੀ ਨੂੰ ਨੋਟਿਸ ਜਾਰੀ ਕਰਕੇ ਇਸ ਘਟਨਾ ਦੀ ਦੋ ਹਫ਼ਤਿਆਂ ਦੇ ਅੰਦਰ-ਅੰਦਰ ਵਿਸਥਾਰਤ ਰਿਪੋਰਟ ਮੰਗ ਲਈ ਹੈ। ਮੋਠਾਂਵਾਲੀ ਸਕੂਲ ਦਾ ਇਹ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਸਕੂਲ ਦੀ ਇੱਕ ਵਿਦਿਆਰਥਣ ਨੇ ਇਹ ਘਟਨਾ ਆਪਣੇ ਮਾਪਿਆਂ ਨਾਲ ਸਾਂਝੀ ਕੀਤੀ। ਇਸ ਲੜਕੀ ਦੇ ਮਾਪੇ ਪੰਚਾਇਤ ਸਮੇਤ ਸਕੂਲ ਪਹੁੰਚੇ, ਜਿੱਥੇ ਉਕਤ ਅਧਿਆਪਕ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ। ਜਦੋਂ ਮਾਮਲਾ ਭਖ ਗਿਆ ਤਾਂ ਹੋਰ ਸਕੂਲੀ ਬੱਚੀਆਂ ਨੇ ਵੀ ਉਕਤ ਅਧਿਆਪਕ ਖ਼ਿਲਾਫ਼ ਦੋਸ਼ ਲਗਾਏ। ਪੰਚਾਇਤ ਨੇ ਮੌਕੇ ‘ਤੇ ਹੀ ਪੁਲੀਸ ਨੂੰ ਵੀ ਬੁਲਾ ਲਿਆ। ਮੋਠਾਂਵਾਲੀ ਦੇ ਸਕੂਲ ਵਿੱਚ ਵਾਪਰੀ ਇਸ ਘਟਨਾ ਮਗਰੋਂ ਸਕੂਲੀ ਵਿਦਿਆਰਥਣਾਂ ਵਿੱਚ ਡਰ ਅਤੇ ਮਾਪਿਆਂ ਵਿੱਚ ਫ਼ਿਕਰਮੰਦੀ ਵਧ ਗਈ ਹੈ।
Posted inChandigarh
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਮੋਗਾ ਪੁਲੀਸ ਤੋਂ ਰਿਪੋਰਟ ਤਲਬ

