ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੂਜੀ ਰਾਤ ਇਕ ਹੋਰ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪਹਿਲੇ ਵੀਡੀਓ ਸਬੰਧੀ ਉਨ੍ਹਾਂ ਕੋਲ ਕਈ ਸਕਾਰਾਤਮਕ ਸੁਝਾਅ ਆਏ ਹਨ ਜਿਸ ਲਈ ਉਨ੍ਹਾਂ ਧੰਨਵਾਦ ਕੀਤਾ ਹੈ। ਇਹ ਵੀਡੀਓ ਇੰਸਟਾਗਰਾਮ ’ਤੇ ਜਾਰੀ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਿਹਾ, ‘ਇਸ ਜ਼ਰੀਏ ਕੱਲ੍ਹ ਦੇਰ ਰਾਤ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਬੀਤੇ ਕੱਲ੍ਹ ਦੇ ਵੀਡੀਓ ਨੂੰ ਹਾਂਪੱਖੀ ਹੁੰਗਾਰਾ ਮਿਲਿਆ ਹੈ।’ ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ’ਤੇ ਪੇਪਰ ਲੀਕ ਮਾਮਲੇ ‘ਚ ਵਿਦਿਆਰਥੀਆਂ ਦੇ ਭਾਰੀ ਵਿਰੋਧ ਪ੍ਰਦਰਸ਼ਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਪੇਪਰ ਲੀਕ ਦੇ ਦੋਸ਼ੀਆਂ ਵਿਰੁੱਧ ਹੋਰ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਦੋਸਤੋ, ਮੈਂ ਜਾਣਦਾ ਹਾਂ ਕਿ ਪੇਪਰ ਲੀਕ ਹੋਣਾ ਕੋਈ ਆਮ ਮੁੱਦਾ ਨਹੀਂ ਹੈ। ਇਹ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਦੁਖਦਾਈ ਹੈ। ਇਸੇ ਲਈ ਪਿਛਲੇ ਢਾਈ ਮਹੀਨਿਆਂ ਵਿੱਚ ਕਈ ਵੱਡੇ ਕਦਮ ਚੁੱਕੇ ਗਏ ਹਨ। ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਅਤੇ ਉਹ ਜੇਲ੍ਹ ਵਿੱਚ ਹਨ। ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਸੀ ਕਿ ਵਿਦਿਆਰਥੀਆਂ ਦਾ ਇੱਕ ਸਾਲ ਵੀ ਬਰਬਾਦ ਨਾ ਹੋਵੇ, ਇਸ ਲਈ ਪ੍ਰੀਖਿਆਵਾਂ ਤੁਰੰਤ ਕਰਵਾਉਣਾ ਬਹੁਤ ਜ਼ਰੂਰੀ ਸੀ।’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਦੂਜਾ ਵੀਡੀਓ ਜਾਰੀ ਕਰਦਿਆਂ ਹੀ ਅੱਧੇ ਘੰਟੇ ਵਿਚ ਹੀ 18 ਲੱਖ ਜਣਿਆਂ ਨੇ ਲਾਈਕ ਕੀਤਾ, ਢਾਈ ਲੱਖ ਲੋਕਾਂ ਨੇ ਟਿੱਪਣੀਆਂ ਕੀਤੀਆਂ ਤੇ ਇਕ ਲੱਖ ਬਾਈ ਹਜ਼ਾਰ ਨੇ ਇਸ ਪੋਸਟ ਨੂੰ ਅੱਗੇ ਸ਼ੇਅਰ ਕੀਤਾ।
ਪੇਪਰ ਲੀਕ ਮਾਮਲੇ ਸਬੰਧੀ ਵੀਡੀਓ ਨੇ ਤੋੜੇ ਸਾਰੇ ਰਿਕਾਰਡ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਰਾਤ ਨੂੰ 24 ਘੰਟਿਆਂ ਦੇ ਅੰਦਰ ਆਪਣੀ ਦੂਜੀ ਇੰਸਟਾਗ੍ਰਾਮ ਰੀਲ ਪੋਸਟ ਕੀਤੀ। ਪੇਪਰ ਲੀਕ ਮਾਮਲੇ ’ਤੇ ਬਣਾਈ ਗਈ ਉਨ੍ਹਾਂ ਦੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਨੇ 303 ਮਿਲੀਅਨ (30 ਕਰੋੜ ਤੋਂ ਵੱਧ) ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ।
IShowSpeed ਦੇ ਸਭ ਤੋਂ ਵੱਡੇ ਰਿਕਾਰਡ ਨੂੰ ਛੱਡਿਆ ਪਿੱਛੇ
ਪ੍ਰਧਾਨ ਮੰਤਰੀ ਮੋਦੀ ਦੀ ਇਸ ਰੀਲ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ 300 ਮਿਲੀਅਨ ਵਿਊਜ਼ ਦਾ ਰਿਕਾਰਡ ਕ੍ਰਿਏਟਰ IShowSpeed ਦੇ ਨਾਂ ਸੀ, ਜੋ ਉਨ੍ਹਾਂ ਨੇ ਫੀਫਾ ਵਿਸ਼ਵ ਕੱਪ ਦੌਰਾਨ BTS ਨਾਲ ਆਪਣੀ ਮੁਲਾਕਾਤ ਦੀ ਰੀਲ ਪੋਸਟ ਕਰਕੇ ਬਣਾਇਆ ਸੀ। ਹੁਣ ਪੀਐਮ ਮੋਦੀ ਦੀ ਵੀਡੀਓ ਨੇ ਇਸ ਰਿਕਾਰਡ ਨੂੰ ਪਿੱਛੇ ਛੱਡ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਦੱਸਣਾ ਬਣਦਾ ਹੈ ਕਿ ਦੇਸ਼ ਭਰ ਵਿੱਚ ਜੈਨ ਜ਼ੀ (Gen-Z) ਦੇ ਪ੍ਰਦਰਸ਼ਨਾਂ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੌਜਵਾਨ ਪੀੜ੍ਹੀ ਦੇ ਇਸੇ ਰੋਹ ਅੱਗੇ ਝੁਕਦਿਆਂ ਅੱਧੀ ਰਾਤ ਨੂੰ ਵਿਸ਼ੇਸ਼ ਤੌਰ ‘ਤੇ ਵੀਡੀਓ ਸੰਦੇਸ਼ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਸੀ ਜਦੋਂ ਕਿ ਆਮ ਤੌਰ ‘ਤੇ ਸਰਕਾਰ ਵੱਲੋਂ ਰਿਕਾਰਡ ਕੀਤੇ ਗਏ ਰਸਮੀ ਵੀਡੀਓਜ਼ ਹੀ ਸਾਂਝੇ ਕੀਤੇ ਜਾਂਦੇ ਹਨ।ਪ੍ਰਧਾਨ ਮੰਤਰੀ ਮੋਦੀ ਨੇ ਫਰੰਟ ਫੇਸ ਕੈਮਰਾ ਦੀ ਵਰਤੋਂ ਕਰਦਿਆਂ ਬੀਤੀ ਅੱਧੀ ਰਾਤ ਨੂੰ ਬਣਾਈ ਰੀਲ ਦੇ ਸੰਦੇਸ਼ ਵਿੱਚ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਪੇਪਰ ਲੀਕ ਰੋਕਣ ਲਈ ਸੰਸਦ ਦੇ ਚੱਲ ਰਹੇ ਮੌਨਸੂਨ ਇਜਲਾਸ ਦੌਰਾਨ ਨਵਾਂ ਅਤੇ ਬੇਹੱਦ ਸਖ਼ਤ ਕਾਨੂੰਨ ਪੇਸ਼ ਕਰਨ ਜਾ ਰਹੀ ਹੈ, ਜਿਸ ਤਹਿਤ ਸ਼ੁੱਕਰਵਾਰ ਨੂੰ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਬਿੱਲ ਦੇ ਖਰੜੇ ਵਿੱਚ ਪ੍ਰੀਖਿਆ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਲਈ ਸਖ਼ਤ ਤੋਂ ਸਖ਼ਤ ਸਜ਼ਾਵਾਂ ਅਤੇ ਮਾਮਲਿਆਂ ਦੀ ਜਲਦੀ ਸੁਣਵਾਈ ਲਈ ਫਾਸਟ-ਟਰੈਕ ਅਦਾਲਤਾਂ ਦੀ ਸਥਾਪਨਾ ਕਰਨ ਦੀ ਵਿਸ਼ੇਸ਼ ਤਜਵੀਜ਼ ਰੱਖੀ ਗਈ ਹੈ। ਪ੍ਰਧਾਨ ਮੰਤਰੀ ਨੇ ਮੰਨਿਆ ਕਿ ਪੇਪਰ ਲੀਕ ਕੋਈ ਛੋਟਾ ਮੁੱਦਾ ਨਹੀਂ ਹੈ ਸਗੋਂ ਇਹ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਵੱਡਾ ਕਾਰਨ ਬਣਦਾ ਹੈ।

