ਰੂਪਨਗਰ : ਕਮਜ਼ੋਰ ਮੌਨਸੂਨ ਦੇਸ਼ ਦੇ ਮੁੱਖ ਉੱਤਰੀ ਜਲ ਭੰਡਾਰਾਂ ਵਿੱਚ ਪਾਣੀ ਦੀ ਆਮਦ ਨੂੰ ਲੋੜੀਂਦਾ ਹੁਲਾਰਾ ਦੇਣ ਵਿੱਚ ਨਾਕਾਮ ਰਿਹਾ ਹੈ। ਹਿਮਾਲੀਅਨ ਦਰਿਆ ਪ੍ਰਣਾਲੀ ਲਈ ਪਾਣੀ ਦੇ ਰੀਚਾਰਜ ਦੇ ਸਿਖਰਲੇ ਮਹੀਨੇ ਜੁਲਾਈ ਦੌਰਾਨ ਭਾਖੜਾ, ਪੌਂਗ ਅਤੇ ਪੰਡੋਹ ਡੈਮਾਂ ਵਿੱਚ ਆਮ ਨਾਲੋਂ ਕਾਫ਼ੀ ਘੱਟ ਮਿਕਦਾਰ ਵਿੱਚ ਪਾਣੀ ਦੀ ਆਮਦ ਹੋ ਰਹੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਕੁਝ ਦਿਨਾਂ ਦੌਰਾਨ ਹੋਈ ਹਲਕੀ ਬਾਰਿਸ਼ ਦੇ ਬਾਵਜੂਦ, ਸਤਲੁਜ ਅਤੇ ਬਿਆਸ ਬੇਸਿਨਾਂ ਵਿੱਚ ਦਰਿਆਵਾਂ ਦਾ ਵਹਾਅ ਪਿਛਲੇ ਸਾਲ ਨਾਲੋਂ ਕਾਫ਼ੀ ਕਮਜ਼ੋਰ ਬਣਿਆ ਹੋਇਆ ਹੈ।
ਪੰਜਾਬ, ਹਰਿਆਣਾ ਅਤੇ ਰਾਜਸਥਾਨ ਲਈ ਜੀਵਨ ਰੇਖਾ ਅਤੇ ਦੇਸ਼ ਦੇ ਸਭ ਤੋਂ ਵੱਡੇ ਜਲ ਭੰਡਾਰਾਂ ਵਿੱਚੋਂ ਇੱਕ, ਭਾਖੜਾ ਡੈਮ ਵਿੱਚ ਮੰਗਲਵਾਰ ਨੂੰ ਸਿਰਫ਼ 36,866 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ, ਜਦੋਂ ਕਿ ਪਿਛਲੇ ਸਾਲ ਇਸੇ ਦਿਨ 77,741 ਕਿਊਸਿਕ ਪਾਣੀ ਦੀ ਆਮਦ ਹੋਈ ਸੀ। ਇਹ ਆਮਦ ਲੰਬੇ ਸਮੇਂ ਦੀ ਔਸਤ (51,019 ਕਿਊਸਿਕ) ਨਾਲੋਂ ਵੀ ਕਾਫ਼ੀ ਘੱਟ ਹੈ, ਜੋ ਹਿਮਾਚਲ ਪ੍ਰਦੇਸ਼ ਅਤੇ ਨਾਲ ਲੱਗਦੇ ਹਿਮਾਲੀਅਨ ਖੇਤਰਾਂ ਵਿੱਚ ਸਤਲੁਜ ਦੇ ਕੈਚਮੈਂਟ ਏਰੀਆ (ਜਲ ਗ੍ਰਹਿਣ ਖੇਤਰ) ਵਿੱਚ ਕਮਜ਼ੋਰ ਮੌਨਸੂਨ ਨੂੰ ਦਰਸਾਉਂਦੀ ਹੈ।
ਭਾਖੜਾ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 17 ਫੁੱਟ ਘੱਟ
ਭਾਖੜਾ ਜਲ ਭੰਡਾਰ ਦਾ ਪਾਣੀ ਦਾ ਪੱਧਰ 1,587.12 ਫੁੱਟ ਦਰਜ ਕੀਤਾ ਗਿਆ, ਜੋ ਕਿ ਪਿਛਲੇ ਸਾਲ ਦੇ ਪੱਧਰ ਨਾਲੋਂ ਲਗਪਗ 17 ਫੁੱਟ ਘੱਟ ਅਤੇ ਲੰਬੇ ਸਮੇਂ ਦੀ ਔਸਤ ਨਾਲੋਂ 12 ਫੁੱਟ ਤੋਂ ਜ਼ਿਆਦਾ ਘੱਟ ਹੈ। ਲਾਈਵ ਸਟੋਰੇਜ ਸਿਰਫ਼ 2 ਅਰਬ ਘਣ ਮੀਟਰ (ਬੀ ਸੀ ਐੱਮ) ਸੀ, ਜਿਸ ਨਾਲ ਇਹ ਜਲ ਭੰਡਾਰ ਸਿਰਫ਼ 35 ਫ਼ੀਸਦ ਹੀ ਭਰਿਆ ਹੈ, ਜਦੋਂ ਕਿ ਪਿਛਲੇ ਸਾਲ ਇਸੇ ਤਰੀਕ ਨੂੰ ਇਹ 44 ਫ਼ੀਸਦ ਭਰਿਆ ਹੋਇਆ ਸੀ। 21 ਮਈ ਤੋਂ 22 ਜੁਲਾਈ ਦੇ ਦਰਮਿਆਨ ਭਾਖੜਾ ਡੈਮ ਵਿੱਚ ਪਾਣੀ ਦੀ ਕੁੱਲ ਸੰਚਿਤ ਆਮਦ 15.46 ਲੱਖ ਕਿਊਸਿਕ (3.78 ਬੀ ਸੀ ਐੱਮ) ਰਹੀ, ਜਦੋਂ ਕਿ 2025 ਵਿੱਚ ਇਸੇ ਸਮੇਂ ਦੌਰਾਨ ਇਹ 22.16 ਲੱਖ ਕਿਊਸਿਕ (5.42 ਬੀ ਸੀ ਐੱਮ) ਸੀ ਅਤੇ ਇਸ ਦੀ ਲੰਬੇ ਸਮੇਂ ਦੀ ਔਸਤ 23.30 ਲੱਖ ਕਿਊਸਿਕ (5.70 ਬੀ ਸੀ ਐੱਮ) ਹੈ।

