ਚੰਡੀਗਡ਼੍ਹ : ਪੰਜਾਬ ਭਰ ’ਚ ਅੱਜ ਪਏ ਮੀਂਹ ਨੇ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਅੱਜ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਮੀਂਹ ਪਿਆ, ਜਿਸ ਕਰ ਕੇ ਕਈ ਸ਼ਹਿਰਾਂ ਵਿੱਚ ਗੋਡੇ-ਗੋਡੇ ਪਾਣੀ ਵੀ ਖੜ੍ਹ ਗਿਆ ਹੈ। ਮੀਂਹ ਪੈਣ ਮਗਰੋਂ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਕਈ ਥਾਈਂ ਭਰਵੇਂ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਜਿਸ ਕਾਰਨ ਟਿਊਬਵੈੱਲਾਂ ਨੂੰ ਸਾਹ ਆਇਆ ਹੈ। ਗਰਮੀ ਕਾਰਨ ਸੁੱਕੇ ਝੋਨੇ ਦੇ ਖੇਤਾਂ ’ਚ ਹੁਣ ਪਾਣੀ ਭਰ ਗਿਆ ਹੈ ਅਤੇ ਫ਼ਸਲ ਲਹਿਰਾ ਰਹੀ ਹੈ।
ਇਹ ਮੀਂਹ ਸਬਜ਼ੀਆਂ, ਪਸ਼ੂਆਂ ਦੇ ਚਾਰੇ ਅਤੇ ਹੋਰ ਫ਼ਸਲਾਂ ਲਈ ਵੀ ਲਾਹੇਵੰਦ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ 25 ਜੁਲਾਈ ਲਈ ਯੈਲੋ ਅਤੇ 27 ਤੋਂ 29 ਜੁਲਾਈ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਮਿਆਨਾ ਤੇ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤੜਕੇ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਪਰ ਸਵੇਰੇ 8.30 ਵਜੇ ਤੋਂ ਬਾਅਦ ਅੰਮ੍ਰਿਤਸਰ ਵਿੱਚ 20.6 ਐੱਮ ਐੱਮ, ਪਠਾਨਕੋਟ ਵਿੱਚ 25 ਐੱਮ ਐੱਮ, ਬਰਨਾਲਾ ਵਿੱਚ 3 ਐੱਮ ਐੱਮ, ਬਠਿੰਡਾ ਵਿੱਚ 7.5 ਐੱਮ ਐੱਮ, ਫਰੀਦਕੋਟ ਵਿੱਚ 16 ਐੱਮ ਐੱਮ, ਫਾਜ਼ਿਲਕਾ ਵਿੱਚ 1.5 ਐੱਮ ਐੱਮ, ਗੁਰਦਾਸਪੁਰ ਵਿੱਚ 10.5 ਐੱਮ ਐੱਮ, ਹੁਸ਼ਿਆਰਪੁਰ ਵਿੱਚ 11 ਐੱਮ ਐੱਮ, ਕਪੂਰਥਲਾ ਵਿੱਚ 38.5 ਐੱਮ ਐੱਮ, ਲੁਧਿਆਣਾ ਵਿੱਚ 1 ਐੱਮ ਐੱਮ, ਰੂਪਨਗਰ ਵਿੱਚ 26.5 ਐੱਮ ਐੱਮ ਮੀਂਹ ਪਿਆ।

