ਨਾਮਚੀ : ਸਿੱਕਮ ਦੇ ਨਾਮਚੀ ਜ਼ਿਲ੍ਹੇ ਵਿੱਚ ਅਧੀਨ ਉਸਾਰੀ ਐੱਨਐੱਚਪੀਸੀ ਪਣ-ਬਿਜਲੀ ਪ੍ਰੋਜੈਕਟ ਦੀ ਸੁਰੰਗ ਵਿੱਚੋਂ 22 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦੁਪਹਿਰ 1 ਵਜੇ ਤੋਂ ਤੁਰੰਤ ਬਾਅਦ ਮੀਥੇਨ ਗੈਸ ਕਾਰਨ ਹੋਏ ਧਮਾਕੇ ਤੋਂ ਬਾਅਦ ਢਹਿ ਗਈ, ਉਸਾਰੀ ਅਧੀਨ ਐੱਨਐੱਚਪੀਸੀ ਤੀਸਤਾ ਸਟੇਜ VI ਹਾਈਡ੍ਰੋਪਾਵਰ ਪ੍ਰੋਜੈਕਟ ਸੁਰੰਗ ਦੇ ਅੰਦਰ 25 ਮਜ਼ਦੂਰ ਸਨ।
ਇੱਕ ਰਾਜ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਬਾਕੀ ਬਚੇ ਮਜ਼ਦੂਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਟੀਮਾਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ, “ਸਿੱਕਮ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਅਤੇ ਸਾਰੀਆਂ ਸਬੰਧਤ ਏਜੰਸੀਆਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ, ਜਦੋਂ ਕਿ ਬਚਾਅ ਟੀਮਾਂ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।” ਨਾਮਚੀ ਦੇ ਐਸਪੀ ਸੋਨਮ ਡੀ ਭੂਟੀਆ ਨੇ ਮੰਗਲਵਾਰ ਨੂੰ ਕਿਹਾ ਸੀ, “ਸੁਰੰਗ ਵਿੱਚ ਫਸੇ 25 ਵਿੱਚੋਂ, 20 ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।” ਬੁੱਧਵਾਰ ਤੱਕ ਅੱਠ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ ਚਾਰ ਪੱਛਮੀ ਬੰਗਾਲ ਦੇ ਜਲਪਾਈਗੜ੍ਹ ਜ਼ਿਲ੍ਹੇ ਤੋਂ ਹਨ ਜਦੋਂ ਕਿ ਪੰਜਾਬ, ਉਤਰਾਖੰਡ, ਅਸਮ ਅਤੇ ਸਿੱਕਮ ਵਿੱਚੋਂ ਹਰੇਕ ਵਿੱਚੋਂ ਇੱਕ-ਇੱਕ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਝਾਰਖੰਡ ਦੇ ਖੁੰਟੀ, ਹਜ਼ਾਰੀਬਾਗ ਅਤੇ ਪੱਛਮੀ ਸਿੰਘਭੂਮ ਜ਼ਿਲ੍ਹਿਆਂ ਦੇ ਘੱਟੋ-ਘੱਟ ਚਾਰ ਮਜ਼ਦੂਰ ਉੱਥੇ ਕੰਮ ਕਰ ਰਹੇ ਸਨ।ਐੱਨਐੱਚਪੀਸੀ ਨੇ ਬੁੱਧਵਾਰ ਨੂੰ ਹਾਦਸੇ ਵਿੱਚ ਮਰਨ ਵਾਲੇ ਹਰੇਕ ਵਿਅਕਤੀ ਦੇ ਵਾਰਸਾਂ ਲਈ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ। ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਾਮਾਂਗ ਨੇ ਮੰਗਲਵਾਰ ਨੂੰ ਹਾਦਸੇ ਵਿੱਚ ਮਰਨ ਵਾਲੇ ਮਜ਼ਦੂਰਾਂ ਵਿੱਚੋਂ ਹਰੇਕ ਦੇ ਵਾਰਸਾਂ ਲਈ 4 ਲੱਖ ਰੁਪਏ ਅਤੇ ਹਰੇਕ ਜ਼ਖਮੀ ਵਿਅਕਤੀ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮ੍ਰਿਤਕਾਂ ਦੇ ਵਾਰਸਾਂ ਵਿੱਚੋਂ ਹਰੇਕ ਲਈ 2 ਲੱਖ ਰੁਪਏ ਅਤੇ ਜ਼ਖਮੀ ਵਿਅਕਤੀਆਂ ਨੂੰ 50,000-50,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ। ਐਨਐਚਪੀਸੀ ਦੇ ਇੱਕ ਬਿਆਨ ਦੇ ਅਨੁਸਾਰ, ਚੱਟਾਨਾਂ ਦੇ ਅੰਦਰ ਫਸੀ/ਦੱਬੀ ਹੋਈ ਸ਼ੱਕੀ ਮੀਥੇਨ ਗੈਸ ਦੇ ਅਚਾਨਕ ਧਮਾਕੇ ਕਾਰਨ ਧਮਾਕਾ ਹੋਇਆ, ਜਿਸ ਨਾਲ ਸੁਰੰਗ ਵਿੱਚ ਸੰਘਣਾ ਧੂੰਆ ਅਤੇ ਜ਼ਹਿਰੀਲੀਆਂ ਗੈਸਾਂ ਪੈਦਾ ਹੋ ਗਈਆਂ।

