ਚੰਡੀਗੜ੍ਹ : ਦਿੱਲੀ ਦੇ ਜੰਤਰ-ਮੰਤਰ ’ਤੇ ਬੁੱਧਵਾਰ ਰਾਤ ਵੇਲੇ ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਤਕਰਾਰ ਹੋ ਗਈ। ਪੁਲੀਸ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨ ਦੌਰਾਨ CJP ਪ੍ਰਦਰਸ਼ਨਕਾਰੀਆਂ ਨੇ ਪੁਲੀਸ ‘ਤੇ ਪਥਰਾਅ ਕੀਤਾ ਜਿਸ ਦੇ ਜਵਾਬ ਵਿੱਚ ਪੁਲੀਸ ਨੂੰ ਹੰਝੂ ਗੈਸ ਦੇ ਗੋਲੇ ਦਾਗਣੇ ਪਏ। ਇਸ ਘਟਨਾ ਨਾਲ ਜੁੜੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਪੁਲੀਸ ਪ੍ਰਦਰਸ਼ਨਕਾਰੀਆਂ ’ਤੇ ਲਾਠੀਆਂ ਵਰ੍ਹਾਉਂਦੀ ਨਜ਼ਰ ਆ ਰਹੀ ਹੈ। ਕਈ ਵੀਡੀਓਜ਼ ਵਿਚ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਲਾਠੀਆਂ ਦਿਖਾਈ ਦੇ ਰਹੀਆਂ ਹਨ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ 20 ਜੁਲਾਈ ਨੂੰ ਵੀ CJP ਦੇ ਸੰਸਦ ਮਾਰਚ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਕਰਾਰ ਹੋਈ ਸੀ। ਉਸ ਸਮੇਂ ਪ੍ਰਦਰਸ਼ਨਕਾਰੀ ਸੰਸਦ ਦੇ ਮੁੱਖ ਗੇਟ ਦੇ ਬਹੁਤ ਨੇੜੇ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ।
ਦੋ ਏ ਸੀ ਪੀ ਸਣੇ ਛੇ ਪੁਲੀਸ ਕਰਮੀ ਜ਼ਖ਼ਮੀ
ਪੁਲੀਸ ਅਨੁਸਾਰ ਬੁੱਧਵਾਰ ਦੇਰ ਸ਼ਾਮ ਵੇਲੇ ਜੰਤਰ-ਮੰਤਰ ਨੇੜੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਦੀ ਘਟਨਾ ਵਿੱਚ ਘੱਟੋ-ਘੱਟ ਦੋ ਸਹਾਇਕ ਪੁਲੀਸ ਕਮਿਸ਼ਨਰ (ਏ.ਸੀ.ਪੀ.) ਅਤੇ ਚਾਰ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲੀਸ ਸਰੋਤਾਂ ਨੇ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ’ਤੇ ਕਈ ਸਮਾਜ ਵਿਰੋਧੀ ਅਨਸਰ ਦਾਖਲ ਹੋ ਗਏ ਹਨ ਜਿਨ੍ਹਾਂ ਨੇ ਪੁਲੀਸ ਕਰਮਚਾਰੀਆਂ ‘ਤੇ ਪੱਥਰਬਾਜ਼ੀ ਕੀਤੀ।
ਜ਼ਖ਼ਮੀ ਹੋਏ ਪੁਲੀਸ ਕਰਮਚਾਰੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਸਰੋਤਾਂ ਅਨੁਸਾਰ ਸਾਰੇ ਪੁਲੀਸ ਅਧਿਕਾਰੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਹਿਲੀ ਘਟਨਾ ਸ਼ਾਮ ਵੇਲੇ ਉਦੋਂ ਵਾਪਰੀ, ਜਦੋਂ ਪੰਜਾਬੀ ਬਾਗ ਵਿੱਚ ਤਾਇਨਾਤ ਏ.ਸੀ.ਪੀ. ਜੈ ਪ੍ਰਕਾਸ਼ ਡਿਊਟੀ ‘ਤੇ ਸਨ। ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਦੌਰਾਨ ਉਨ੍ਹਾਂ ਦੇ ਮੱਥੇ ‘ਤੇ ਸੱਟ ਲੱਗ ਗਈ। ਸਰੋਤਾਂ ਨੇ ਦੱਸਿਆ ਕਿ ਦਿਨ ਵੇਲੇ ਬਾਅਦ ਵਿੱਚ ਪੱਥਰਬਾਜ਼ੀ ਦੀ ਇੱਕ ਹੋਰ ਘਟਨਾ ਵਾਪਰੀ, ਜਿਸ ਵਿੱਚ ਇੱਕ ਹੋਰ ਏ.ਸੀ.ਪੀ. ਅਤੇ ਘੱਟੋ-ਘੱਟ ਚਾਰ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਬਾਰ-ਬਾਰ ਅਮਨ-ਸ਼ਾਂਤੀ ਬਣਾਏ ਰੱਖਣ ਅਤੇ ਕਾਨੂੰਨ ਵਿਵਸਥਾ ਨਾ ਵਿਗਾੜਨ ਦੀਆਂ ਅਪੀਲਾਂ ਅਤੇ ਐਲਾਨ ਕੀਤੇ ਗਏ।
ਇਸ ਤੋਂ ਪਹਿਲਾਂ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਕਿਹਾ ਹੈ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਖ਼ਿਲਾਫ਼ ਚੱਲ ਰਹੇ ਵਿਰੋਧ ਵਿਖਾਵਿਆਂ ਨੂੰ ਸੁਲਝਾਉਣ ਲਈ ਸਰਕਾਰ ਨਾਲ ਗੱਲਬਾਤ ਵਾਸਤੇ ਤਿਆਰ ਹੈ, ਜੋ ਕਿਸੇ ਮੰਤਰੀ ਦੀ ਰਿਹਾਇਸ਼ ’ਤੇ ਨਹੀਂ ਬਲਕਿ ਕਿਸੇ ਨਿਰਪੱਖ ਥਾਂ ’ਤੇ ਹੋਵੇ। ਸੀ ਜੇ ਪੀ ਦੇ ਤਰਜਮਾਨ ਸੌਰਵ ਦਾਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਨੇ ਅੱਜ ਸਵੇਰੇ ਜਥੇਬੰਦੀ ਨੂੰ ਦੱਸਿਆ ਕਿ ਕੇਂਦਰੀ ਮੰਤਰੀ ਜੇ ਪੀ ਨੱਢਾ ਨੇ ਗੱਲਬਾਤ ਲਈ ਉਨ੍ਹਾਂ ਨੂੰ ਆਪਣੀ ਰਿਹਾਇਸ਼ ’ਤੇ ਸੱਦਿਆ ਹੈ।
ਉਸ ਨੇ ਕਿਹਾ, ‘‘ਅਸੀਂ ਕਿਸੇ ਦੇ ਘਰ ਜਾਂ ਦਫ਼ਤਰ ਜਾਣ ਤੋਂ ਨਾਂਹ ਕਰ ਦਿੱਤੀ। ਲੋਕਾਂ ਦੀ ਕਚਹਿਰੀ ਇਥੇ ਹੈ। ਮੰਤਰੀਆਂ ਨੂੰ ਲੋਕਾਂ ਵਿਚ ਆਉਣਾ ਚਾਹੀਦਾ ਹੇ। ਜੇ ਉਹ ਗੱਲਬਾਤ ਚਾਹੁੰਦੇ ਹਨ, ਤਾਂ ਫਿਰ ਗੱਲਬਾਤ ਜੰਤਰ ਮੰਤਰ ’ਤੇ ਹੋਵੇ। ਜੇ ਸੁਰੱਖਿਆ ਨਾਲ ਜੁੜਿਆ ਕੋਈ ਮਸਲਾ ਹੈ ਤਾਂ ਅਸੀਂ ਧਰਨੇ ਵਾਲੀ ਥਾਂ ਨੇੜੇ ਕਿਸੇ ਨਿਰਪੱਖ ਟਿਕਾਣੇ ਬਾਰੇ ਗ਼ੌਰ ਕਰ ਸਕਦੇ ਹਾਂ।’’ ਤਰਜਮਾਨ ਨੇ ਕਿਹਾ, ‘‘ਅਸੀਂ ਸਰਕਾਰ ਤੋਂ ਗਾਰੰਟੀ ਮੰਗਾਂਗੇ ਕਿ ਇਸ ਅੰਦੋਲਨ ਨਾਲ ਜੁੜੇ ਕਿਸੇ ਵੀ ਸ਼ਾਂਤਮਈ ਮੁਜ਼ਾਹਰਾਕਾਰੀ ਵਿਰੁੱਧ ਕੋਈ ਨਵੀਂ ਐੱਫ ਆਈ ਆਰ ਜਾਂ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ।’’ ਇਹ ਅੰਦੋਲਨ ਸਿਰਫ਼ ਦਿੱਲੀ ਦੀਆਂ ਹੱਦਾਂ ਤੱਕ ਸੀਮਤ ਨਹੀਂ ਰਿਹਾ। ਗੋਆ, ਮੁੰਬਈ ਤੇ ਜੈਪੁਰ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ। ਉਨ੍ਹਾਂ ਇਸ ਨੂੰ ਸੁਭਾਵਿਕ ਦੇਸ਼ਿਵਆਪੀ ਅੰਦੋਲਨ ਦੱਸਿਆ।

