ਡੱਬਵਾਲੀ : ਪ੍ਰਧਾਨ ਮੰਤਰੀ ਰਿਹਾਇਸ਼ ਅੱਗੇ ਪ੍ਰਦਰਸ਼ਨ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਕਾਂਗਰਸੀਆਂ ਦੇ ਦਿੱਲੀ ਕੂਚ ਨੂੰ ਨਾਕਾਮ ਕਰਨ ਲਈ ਡੱਬਵਾਲੀ ਵਿੱਚ ਪੁਲੀਸ ਪ੍ਰਸ਼ਾਸਨ ਨੇ ਖੂਬ ਸਰਗਰਮੀ ਵਿਖਾਈ ਹੈ। ਬੀਤੀ ਰਾਤ ਕਰੀਬ 12 ਵਜੇ ਕਾਂਗਰਸ ਦੇ ਸੀਨੀਅਰ ਆਗੂ ਜੱਗਾ ਸਿੰਘ ਬਰਾੜ ਦੇ ਘਰ ਪੁਲੀਸ ਨੇ ਦਬਿਸ਼ ਦਿੱਤੀ। ਕਾਂਗਰਸ ਆਗੂ ਵੱਲੋਂ ਦਿੱਲੀ ਲਈ ਸਾਥੀਆਂ ਸਮੇਤ ਰਵਾਨਾ ਹੋਣ ਤੋਂ ਪਹਿਲਾਂ ਦੋ ਵਾਹਨਾਂ ਵਿੱਚ ਪੁੱਜੀ ਪੁਲੀਸ ਨੇ ਜੱਗਾ ਸਿੰਘ ਬਰਾੜ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ, ਜਦਕਿ ਵਾਰਡ ਨੰਬਰ 7 ਦੇ ਕੌਂਸਲਰ ਅਤੇ ਉਨ੍ਹਾਂ ਦੇ ਭਤੀਜੇ ਸਮਨਦੀਪ ਬਰਾੜ ਸਮੇਤ ਪੰਜ ਨੌਜਵਾਨ ਕਾਂਗਰਸੀ ਵਰਕਰਾਂ ਨੂੰ ਅਹਿਤਿਹਾਤ ਵਜੋਂ ਹਿਰਾਸਤ ਵਿੱਚ ਲੈ ਕੇ ਸਿਟੀ ਥਾਣੇ ਭੇਜ ਦਿੱਤਾ।
ਜੱਗਾ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਤਰਾਜ਼ ਜਤਾਉਣ ‘ਤੇ ਕੁਝ ਸਮੇਂ ਬਾਅਦ ਫੋਨ ਵਾਪਸ ਕਰ ਦਿੱਤਾ ਗਿਆ ਹੈ।
ਬਰਾੜ ਨੇ ਕਿਹਾ ਕਿ ਉਹ ਲੋਕਤੰਤਰਿਕ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸਨ। ਅੱਧੀ ਰਾਤ ਨੂੰ ਪੁਲੀਸ ਵੱਲੋਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣਾ ਅਤੇ ਉਨ੍ਹਾਂ ਦੀ ਘਰ ਵਿੱਚ ਨਜ਼ਰਬੰਦੀ ਲੋਕਤੰਤਰ ਦਾ ਗਲਾ ਘੁੱਟਣ ਦੇ ਬਰਾਬਰ ਹੈ। ਸਰਕਾਰ ਦੀਆਂ ਅਜਿਹੀਆਂ ਤਾਨਾਸ਼ਾਹੀ ਕਾਰਵਾਈਆਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਸਿਟੀ ਥਾਣੇ ਦੇ ਮੁਨਸ਼ੀ ਨੇ ਜੱਗਾ ਸਿੰਘ ਬਰਾੜ ਦੇ ਘਰ ਤੋਂ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦੇ ਜਾਣ ਦੀ ਪੁਸ਼ਟੀ ਕੀਤੀ ਹੈ। ਥਾਣਾ ਸਿਟੀ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।

