ਨਵੀਂ ਦਿੱਲੀ : ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਹੈ ਕਿ ਉਹ ਉਦੋਂ ਤੱਕ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ, ਜਦੋਂ ਤੱਕ ਨੌਜਵਾਨ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੰਸਦ ਮੈਂਬਰਾਂ (MPs) ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜ਼ਿਕਰਯੋਗ ਹੈ ਕਿ ਸੋਨਮ ਵਾਂਗਚੁੱਕ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਡਟੇ ਹੋਏ ਹਨ। ਸੋਨਮ ਵਾਂਗਚੁਕ ਅਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਮੰਗ ਹੈ ਕਿ ਸੰਸਦ ਮੈਂਬਰ ਸੰਸਦ ਦੇ ਸੈਸ਼ਨ ਦੌਰਾਨ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਅਤੇ ਨੌਜਵਾਨਾਂ ਦੇ ਮੁੱਦਿਆਂ ’ਤੇ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਭਰੋਸਾ ਦੇਣ। ਵਾਂਗਚੁਕ ਨੇ ਆਪਣੇ ਸਮਰਥਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਹੈ।
ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਕਿਹਾ ਕਿ ਕੌਕਰੇਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਦ ਚਲੋ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਗਈ ਪੁਲੀਸ ਕਾਰਵਾਈ ਕਾਰਨ ਉਨ੍ਹਾਂ ਨੇ ਆਪਣਾ ਵਰਤ ਉਦੋਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ, ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਮੈਂਬਰਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਾਂ ਉਨ੍ਹਾਂ ਨੂੰ ਖੁਦ ਹਸਪਤਾਲ ਵਿੱਚ ਮੁਲਾਕਾਤ ਦੀ ਖੁੱਲ੍ਹ ਨਹੀਂ ਮਿਲਦੀ।
ਸਫ਼ਦਰਜੰਗ ਹਸਪਤਾਲ ਤੋਂ ਜਾਰੀ ਹੱਥ ਲਿਖਤ ਬਿਆਨ ਵਿੱਚ ਵਾਂਗਚੁਕ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨਾਲ ਕੀਤੀ ਜਾ ਰਹੀ ਸਖ਼ਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਭੁੱਖ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਦੀ ਜਵਾਬਦੇਹੀ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਉਕਸਾਉਣ ਦੇ ਬਾਵਜੂਦ ਨੌਜਵਾਨਾਂ ਨੇ ਠਰ੍ਹੰਮੇ ਨਾਲ ਕੰਮ ਲਿਆ।
ਵਾਂਗਚੁਕ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਸੰਸਦ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖਣ ਦੀ ਇਜਾਜ਼ਤ ਦੇ ਕੇ ਮਸਲੇ ਦਾ ਹੱਲ ਕੱਢਿਆ ਜਾਵੇ।
ਦੂਜੇ ਪਾਸੇ, ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਦਿੱਲੀ ਪੁਲੀਸ ਨੇ ਜੰਤਰ-ਮੰਤਰ ਦੇ ਆਸ-ਪਾਸ ਰਸਤੇ ਬੰਦ ਕਰ ਦਿੱਤੇ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਸੰਸਦ ਮਾਰਚ ਨੂੰ ਰੋਕ ਦਿੱਤਾ।
ਦੱਸਣਾ ਬਣਦਾ ਹੈ ਕਿ ਇਸ ਪ੍ਰਦਰਸ਼ਨ ਦੀ ਸ਼ੁਰੂਆਤ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ, ਨੀਟ (NEET) ਪ੍ਰੀਖਿਆ ਦੀਆਂ ਬੇਨੇਮੀਆਂ ਅਤੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਹੋਈ ਸੀ। ਇਸ ਵਿਰੋਧ ਦੇ ਚੱਲਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਪਿਛਲੇ ਦਿਨੀਂ ਦਿੱਲੀ ਪੁਲੀਸ ਵੱਲੋਂ ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਜ਼ਬਰਦਸਤੀ ਚੁੱਕ ਕੇ ਸਫ਼ਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਹੀ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਹੈ। ਇਸੇ ਦਰਮਿਆਨ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਪਤਨੀ ਗੀਤਾਂਜਲੀ ਅੰਗਮੋ ਨਾਲ ਪੁਲੀਸ ਵੱਲੋਂ ਬਦਸਲੂਕੀ ਦੀਆਂ ਖ਼ਬਰਾਂ ਆਈਆਂ ਸਨ ਜਿਨ੍ਹਾਂ ਨੂੰ ਦਿੱਲੀ ਪੁਲੀਸ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਦੂਜੇ ਪਾਸੇ ਕੌਕਰੇਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਕਈ ਵਿਦਿਆਰਥੀ ਆਗੂ ਵੀ ਅਗਲੀ ਰਣਨੀਤੀ ਘੜ ਰਹੇ ਹਨ।
ਇਸ ਤੋਂ ਇਕ ਦਿਨ ਪਹਿਲਾਂ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਦੱਸਿਆ ਸੀ ਕਿ ਜੇਕਰ ਸਿਆਸੀ ਆਗੂ ਇਹ ਭਰੋਸਾ ਦਿੰਦੇ ਹਨ ਕਿ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸਿੱਖਿਆ ਦੀ ਜਵਾਬਦੇਹੀ ਦਾ ਮੁੱਦਾ ਚੁੱਕਿਆ ਜਾਵੇਗਾ ਤਾਂ ਸੋਨਮ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖ਼ਤਮ ਕਰ ਦੇਣਗੇ।
ਜੰਤਰ-ਮੰਤਰ ਵਿਚ ਕੌਕਰੇਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਨੀਟ (NEET) ਪੇਪਰ ਲੀਕ ਮਾਮਲੇ ਦੇ ਵਿਰੋਧ ਅਤੇ ਸਿੱਖਿਆ ਸੁਧਾਰਾਂ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅੰਗਮੋ ਨੇ ਕਿਹਾ ਕਿ ਵਾਂਗਚੁਕ ਨੇ ਇਹ ਸੰਦੇਸ਼ ਭੇਜਿਆ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕਣ ਦੀ ਵਚਨਬੱਧਤਾ ਤੋਂ ਬਾਅਦ ਹੀ ਉਹ ਆਪਣਾ ਵਰਤ ਤੋੜਨਗੇ।
ਗੀਤਾਂਜਲੀ ਅੰਗਮੋ ਨੇ ਸੋਮਵਾਰ ਨੂੰ ਸੀਜੇਪੀ ਵੱਲੋਂ ਕੱਢੇ ਜਾਣ ਵਾਲੇ ‘ਚਲੋ ਸੰਸਦ’ ਮਾਰਚ ਤੋਂ ਪਹਿਲਾਂ ਸਮਰਥਕਾਂ ਨੂੰ ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ ਸੀ।
ਵਾਂਗਚੁਕ ਦੀ ਸਿਹਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਹਾਲਾਂਕਿ, ਦਿੱਲੀ ਪੁਲੀਸ ਨੇ ਸ਼ਨਿਚਰਵਾਰ ਨੂੰ ਜੰਤਰ-ਮੰਤਰ ‘ਤੇ ਤਿੰਨ ਹਫ਼ਤਿਆਂ ਤੋਂ ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਨੂੰ ਜ਼ਬਰਦਸਤੀ ਸਫਦਰਜੰਗ ਹਸਪਤਾਲ ਦਾਖਲ ਕਰਵਾਇਆ ਸੀ ਜਿੱਥੇ ਉਹ ਹੁਣ ਵੀ ਡਰਿੱਪ ਲਗਵਾਉਣ ਤੋਂ ਇਨਕਾਰ ਕਰਦੇ ਹੋਏ ਆਪਣਾ ਵਰਤ ਜਾਰੀ ਰੱਖ ਰਹੇ ਹਨ।
ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਸ ਅੰਦੋਲਨ ਨੂੰ ਕਈ ਵਿਰੋਧੀ ਆਗੂਆਂ ਅਤੇ ਵਿਦਿਆਰਥੀ ਜਥੇਬੰਦੀਆਂ ਦਾ ਸਮਰਥਨ ਮਿਲਿਆ ਹੈ, ਜਦਕਿ ਦਿੱਲੀ ਹਾਈ ਕੋਰਟ ਵੀ ਸਮੇਂ-ਸਮੇਂ ‘ਤੇ ਸਟੇਟਸ ਰਿਪੋਰਟਾਂ ਰਾਹੀਂ ਵਾਂਗਚੁਕ ਦੀ ਡਾਕਟਰੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।

