ਕੌਕਰੇਚ ਜਨਤਾ ਪਾਰਟੀ ਨੇ ਦਿੱਲੀ ਦੇ ਜੰਤਰ ਮੰਤਰ ’ਤੇ ਸੋਮਵਾਰ ਰਾਤ ਗਿਆਰਾਂ ਵਜੇ ਦੇ ਕਰੀਬ ਪ੍ਰਦਰਸ਼ਨ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੌਕਰੇਚ ਪਾਰਟੀ ਦੇ ਕਾਰਕੁਨਾਂ ਵੱਲੋਂ ਸਵੇਰ ਤੋਂ ਸ਼ਾਮ ਤਕ ਸੰਸਦ ਭਵਨ ਤਕ ਕਈ ਵਾਰ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਤੇ ਹੰਝੂ ਗੈਸ ਦੇ ਗੋਲੇ ਦਾਗੇ ਪਰ ਪ੍ਰਦਰਸ਼ਨਕਾਰੀ ਮੁੜ ਜੰਤਰ ਮੰਤਰ ’ਤੇ ਡਟ ਗਏ ਹਨ। ਜਾਣਕਾਰੀ ਅਨੁਸਾਰ ਕੌਕਰੇਚ ਜਨਤਾ ਪਾਰਟੀ ਦੇ ਕਾਰਕੁਨਾਂ ਤੇ ਹੋਰਾਂ ਨੇ ਮੁੜ ਤੋਂ ਜੰਤਰ ਮੰਤਰ ’ਤੇ ਪੁੱਜ ਕੇ ਸਟੇਜ ਬਣਾਈ ਤੇ ਉਥੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਨੌਜਵਾਨਾਂ ਨੇ ਵੀ ਜੰਤਰ ਮੰਤਰ ਵੱਲ ਵਹੀਰਾਂ ਘੱਤ ਲਈਆਂ ਹਨ।
ਪ੍ਰਦਰਸ਼ਨ ਦੌਰਾਨ 118 ਪੁਲੀਸ ਕਰਮੀ ਜ਼ਖ਼ਮੀ; 70 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ
ਨਵੀਂ ਦਿੱਲੀ ਵਿੱਚ ਕੌਕਰੇਚ ਜਨਤਾ ਪਾਰਟੀ (CJP) ਦੇ ਸੰਸਦ ਚਲੋ ਪ੍ਰਦਰਸ਼ਨ ਦੌਰਾਨ ਹਿੰਸਾ ਭੜਕਣ ਕਾਰਨ ਕਈ ਸੀਨੀਅਰ ਅਧਿਕਾਰੀਆਂ ਸਮੇਤ 118 ਤੋਂ ਵੱਧ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ ਅਤੇ ਲਗਪਗ 70 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਜਾਣਕਾਰੀ ਪੁਲੀਸ ਨੇ ਸਾਂਝੀ ਕੀਤੀ ਹੈ। ਦਿੱਲੀ ਪੁਲੀਸ ਨੇ ਇਹ ਅੰਕੜੇ ਅਤੇ ਘਟਨਾ ਦਾ ਵੇਰਵਾ ਸਾਂਝਾ ਕਰਦਿਆਂ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਪ੍ਰਦਰਸ਼ਨ ਦੌਰਾਨ ਅਨੁਸ਼ਾਸਨਹੀਣਤਾ, ਹਮਲਾਵਰ ਅਤੇ ਹਿੰਸਕ ਵਿਹਾਰ ਕਰਨ, ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕਰਨ ਅਤੇ ਸਰਕਾਰੀ ਵਾਹਨਾਂ ਸਮੇਤ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ।
ਪੁਲੀਸ ਬਿਆਨ ਵਿੱਚ ਕਿਹਾ ਗਿਆ ਕਿ ਨਵੀਂ ਦਿੱਲੀ ਇਲਾਕੇ ਵਿੱਚ CJP ਦੇ ਅੱਜ ਦੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਨੁਸ਼ਾਸਨਹੀਣ, ਹਮਲਾਵਰ ਅਤੇ ਹਿੰਸਕ ਰਵੱਈਆ ਦਿਖਾਇਆ। ਪੁਲੀਸ ਵਲੋਂ ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਅਤੇ ਕਾਨੂੰਨੀ ਨਿਰਦੇਸ਼ਾਂ ਦੇ ਬਾਵਜੂਦ ਉਨ੍ਹਾਂ ਨੇ ਉਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਕਮਾਂ ਦੀ ਜਾਣਬੁੱਝ ਕੇ ਉਲੰਘਣਾ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਪੁਲੀਸ ਕਰਮਚਾਰੀਆਂ ‘ਤੇ ਪੱਥਰਾਂ ਆਦਿ ਨਾਲ ਹਮਲਾ ਕੀਤਾ, ਪੁਲੀਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਪੁਲੀਸ ਅਤੇ ਹੋਰ ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਵੱਡੇ ਪੱਧਰ ‘ਤੇ ਹਿੰਸਾ ਕੀਤੀ। ਇਸ ਨਾਲ ਜਨਤਕ ਵਿਵਸਥਾ, ਮੌਜੂਦਾ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨੀ ਡਿਊਟੀ ਨਿਭਾ ਰਹੇ ਪੁਲੀਸ ਕਰਮਚਾਰੀਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋ ਗਿਆ।
ਪੁਲੀਸ ਨੇ ਦੱਸਿਆ ਕਿ ਇਸ ਹਿੰਸਾ ਵਿੱਚ 118 ਤੋਂ ਵੱਧ ਪੁਲੀਸ ਕਰਮਚਾਰੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਸਪੈਸ਼ਲ ਪੁਲੀਸ ਕਮਿਸ਼ਨਰ, ਜੁਆਇੰਟ ਪੁਲੀਸ ਕਮਿਸ਼ਨਰ, ਐਡੀਸ਼ਨਲ ਪੁਲੀਸ ਕਮਿਸ਼ਨਰ, ਡਿਪਟੀ ਪੁਲੀਸ ਕਮਿਸ਼ਨਰ (DCP), ਐਡੀਸ਼ਨਲ ਡਿਪਟੀ ਪੁਲੀਸ ਕਮਿਸ਼ਨਰ ਅਤੇ ਅਿਸਸਟੈਂਟ ਪੁਲੀਸ ਕਮਿਸ਼ਨਰ ਦੇ ਰੈਂਕ ਦੇ ਸੀਨੀਅਰ ਅਧਿਕਾਰੀ ਅਤੇ ਕਈ ਮਹਿਲਾ ਪੁਲੀਸ ਕਰਮੀ ਵੀ ਸ਼ਾਮਲ ਹਨ।
60 ਪ੍ਰਦਰਸ਼ਨਕਾਰੀ ਜ਼ਖ਼ਮੀ
ਇਸ ਝੜਪ ਦੌਰਾਨ ਲਗਪਗ 60 ਪ੍ਰਦਰਸ਼ਨਕਾਰੀਆਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬਾਕੀ ਜ਼ਖ਼ਮੀ ਪੁਲੀਸ ਕਰਮਚਾਰੀਆਂ ਦੀ ਮੈਡੀਕਲ-ਲੀਗਲ ਜਾਂਚ (MLC) ਕੀਤੀ ਜਾ ਰਹੀ ਹੈ।
ਪੁਲੀਸ ਮੁਤਾਬਕ ਹਿੰਸਕ ਭੀੜ ਨੇ ਜਨਤਕ ਸੰਪਤੀ ਦਾ ਵੀ ਭਾਰੀ ਨੁਕਸਾਨ ਕੀਤਾ। “ਹਿੰਸਕ ਭੀੜ ਨੇ ਜਨਤਕ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ। ਘਟਨਾ ਦੌਰਾਨ ਹੋਰ ਸਰਕਾਰੀ ਸੰਪਤੀ ਦੇ ਨਾਲ-ਨਾਲ ਲਗਭਗ 15 ਤੋਂ 20 ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ ਗਈ।”

