Congress ਵੱਲੋਂ ਚੋਣਾਂ ਦੇ ਮੱਦੇਨਜ਼ਰ ‘ਏਕਤਾ ਬੱਸ ਯਾਤਰਾ’ ਜਲਦ

Congress ਵੱਲੋਂ ਚੋਣਾਂ ਦੇ ਮੱਦੇਨਜ਼ਰ ‘ਏਕਤਾ ਬੱਸ ਯਾਤਰਾ’ ਜਲਦ

ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਪਾਰਟੀ ਤਰਫ਼ੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ‘ਸਭ ਅੱਛਾ’ ਦਾ ਸੁਨੇਹਾ ਦੇਣ ਲਈ ‘ਏਕਤਾ ਬੱਸ ਯਾਤਰਾ’ ਸ਼ੁਰੂ ਕਰਨ ਦੀ ਤਿਆਰੀ ਵਿੱਢੀ ਗਈ ਹੈ। ਹਾਈਕਮਾਂਡ ਨੇ ਪਹਿਲਾਂ ਅਜਿਹਾ ਤਜਰਬਾ ਕਰਨਾਟਕ ’ਚ ਕੀਤਾ ਸੀ ਅਤੇ ਹੁਣ ਪੰਜਾਬ ’ਚ ਵੀ ਕਰਨਾਟਕ ਮਾਡਲ ਨੂੰ ਅਪਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਵਿਸ਼ੇਸ਼ ਬੱਸ ਤਿਆਰ ਕਰਾਈ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਹਲਕਿਆਂ ’ਚ ਇਹ ਬੱਸ ਜਾਵੇਗੀ ਅਤੇ ਬੱਸ ’ਚ ਸਭ ਸੀਨੀਅਰ ਆਗੂ ਸਵਾਰ ਹੋਣਗੇ ਤਾਂ ਜੋ ਕਾਂਗਰਸ ਵਰਕਰਾਂ ਨੂੰ ਏਕਤਾ ਦੀ ਝਲਕ ਦਿਖਾਈ ਜਾ ਸਕੇ। ਚੋਣਾਂ ਦੀ ਤਿਆਰੀ ਵਜੋਂ ਸਮੁੱਚੇ ਪੰਜਾਬ ਨੂੰ ਜ਼ੋਨਾਂ ’ਚ ਵੰਡ ਕੇ ਵੱਡੀਆਂ ਰੈਲੀਆਂ ਵੀ ਕੀਤੀਆਂ ਜਾਣੀਆਂ ਹਨ।

ਦਿੱਲੀ ’ਚ ਬਘੇਲ ਵੱਲੋਂ ਬੁਲਾਈ ਗਈ ਅਹਿਮ ਮੀਟਿੰਗ

ਪੰਜਾਬ ਕਾਂਗਰਸ ਦੀ ਖਿੱਚੋਤਾਣ ਦਰਮਿਆਨ ਹਾਈਕਮਾਂਡ ਨੇ ਆਗਾਮੀ ਚੋਣਾਂ ਦੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਪੰਜਾਬ ਲੀਡਰਸ਼ਿਪ ਨੂੰ ਫ਼ੌਰੀ ਮੈਦਾਨ ’ਚ ਕੁੱਦਣ ਦਾ ਸੁਨੇਹਾ ਦਿੱਤਾ ਹੈ। ਹਾਲਾਂਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ’ਚ ਫੇਰਬਦਲ ਦਾ ਪੇਚ ਹਾਲੇ ਫਸਿਆ ਹੋਇਆ ਹੈ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਨਜ਼ਰ ਹਾਈਕਮਾਂਡ ’ਤੇ ਲੱਗੀ ਹੋਈ ਹੈ।

ਚੇਤੇ ਰਹੇ ਕਿ ਪੰਜਾਬ ਚੋਣਾਂ ਲਈ ਹਾਈਕਮਾਂਡ ਨੇ ਚਾਰ ਕਮੇਟੀਆਂ ਦਾ ਗਠਨ ਕਰਕੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਮੰਗਲਵਾਰ ਨੂੰ ਇਨ੍ਹਾਂ ਕਮੇਟੀਆਂ ਦੀ ਮੀਟਿੰਗ ਦਿੱਲੀ ਵਿਖੇ ਬੁਲਾਈ ਹੈ। ਇੰਚਾਰਜ ਬਘੇਲ ਅਗਲੀਆਂ ਚੋਣਾਂ ਦੀ ਰਣਨੀਤੀ ਘੜਨ ਵਾਸਤੇ ਮੀਟਿੰਗ ਕਰ ਰਹੇ ਹਨ। ਚੋਣਾਂ ’ਚ ਬਹੁਤਾ ਸਮਾਂ ਨਹੀਂ ਬਚਿਆ ਪਰ ਕਾਂਗਰਸ ਦੀ ਜ਼ਮੀਨੀ ਪੱਧਰ ’ਤੇ ਸਿਆਸੀ ਗਤੀਵਿਧੀ ਕਾਫ਼ੀ ਸੁੰਗੜੀ ਹੋਈ ਹੈ। ਬਘੇਲ ਕਾਂਗਰਸੀ ਆਗੂਆਂ ਨੂੰ ਲੋਕਾਂ ’ਚ ਇਕੱਠੇ ਹੋ ਕੇ ਜਾਣ ਦੀ ਨਸੀਹਤ ਦੇਣਗੇ।

ਨਰਾਜ਼ਗੀ ਦੂਰ ਹੋਣ ਦੇ ਸੰਕੇਤ ਅਤੇ ਸੰਸਦ ਮੈਂਬਰਾਂ ਦੀ ਦਿੱਲੀ ਫੇਰੀ

ਪਿਛਲੇ ਦਿਨਾਂ ’ਚ ਹਾਈਕਮਾਂਡ ਵੱਲੋਂ ਮੀਟਿੰਗਾਂ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਦੇ ਆਗੂਆਂ ਨੂੰ ਢਾਰਸ ਦਿੱਤੀ ਗਈ ਸੀ। ਚੰਨੀ ਧੜੇ ਦੀ ਨਰਾਜ਼ਗੀ ਹੁਣ ਹੌਲੀ-ਹੌਲੀ ਦੂਰ ਹੁੰਦੀ ਨਜ਼ਰ ਆ ਰਹੀ ਹੈ। ਖ਼ੁਦ ਚਰਨਜੀਤ ਸਿੰਘ ਚੰਨੀ ਆਖ ਚੁੱਕੇ ਹਨ ਕਿ ਉਹ ਹਾਈਕਮਾਂਡ ਦੇ ਹੁਕਮਾਂ ਦੀ ਪਾਲਣਾ ਕਰਨਗੇ।

ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ ਜਿਸ ਕਰਕੇ ਹੁਣ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਅਮਰ ਸਿੰਘ ਅਤੇ ਡਾ. ਧਰਮਵੀਰ ਗਾਂਧੀ ਆਉਂਦੇ ਦਿਨਾਂ ’ਚ ਦਿੱਲੀ ਵਿਖੇ ਮੌਜੂਦ ਰਹਿਣਗੇ।

Share: