ਨਵੀਂ ਦਿੱਲੀ : ਸਿੱਖਿਆ ਢਾਂਚੇ ਵਿੱਚ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਪਿਛਲੇ 23 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ‘ਤੇ ਬੈਠੇ ‘ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ’ (AISA) ਦੇ ਵਿਦਿਆਰਥੀ ਆਗੂਆਂ ਨੇਹਾ, ਮਨੀਸ਼ ਅਤੇ ਆਮੀਨ ਨੇ ਸੋਮਵਾਰ ਨੂੰ ਜੰਤਰ-ਮੰਤਰ ‘ਤੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ। ਉਨ੍ਹਾਂ ਇਹ ਫ਼ੈਸਲਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ, ਸਮਾਜਿਕ ਕਾਰਕੁਨਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਇੱਕ ਵਫ਼ਦ ਦੀ ਅਪੀਲ ਤੋਂ ਬਾਅਦ ਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਇੱਕ ਮਹੀਨੇ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਵੀ ਕੀਤਾ।
ਆਈਸਾ ਅਨੁਸਾਰ, ਇਹ ਫ਼ੈਸਲਾ ਰਾਜ ਸਭਾ ਮੈਂਬਰ ਮਨੋਜ ਝਾਅ, ਸੰਸਦ ਮੈਂਬਰ ਰਾਜਾਰਾਮ ਸਿੰਘ ਅਤੇ ਅਮਰਾ ਰਾਮ, ਸਮਾਜਿਕ ਕਾਰਕੁਨ ਯੋਗਿੰਦਰ ਯਾਦਵ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਪ੍ਰੋਫ਼ੈਸਰ ਅਤੁਲ ਸੂਦ ਅਤੇ ਅਦਾਕਾਰ ਪ੍ਰਕਾਸ਼ ਰਾਜ ਅਤੇ ਸ਼ਬਾਨਾ ਆਜ਼ਮੀ ਸਮੇਤ ਇੱਕ ਵਫ਼ਦ ਦੀ ਅਪੀਲ ਤੋਂ ਬਾਅਦ ਲਿਆ ਗਿਆ। ਇਸ ਦੌਰਾਨ ਡਾ. ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਭੁੱਖ ਹੜਤਾਲ ਦਾ ਟੁੱਟਣਾ ਨਹੀਂ ਹੈ, ਸਗੋਂ ਸੰਘਰਸ਼ ਦੇ ਇਸ ਰੂਪ ਦਾ ਇੱਕ ਸਿੱਟਾ ਹੈ। ਉੱਥੇ ਹੀ ਡਾ. ਮਨੋਜ ਝਾਅ ਨੇ ਕਿਹਾ, “ਤੁਸੀਂ ਜੋ ਪ੍ਰਾਪਤ ਕੀਤਾ ਹੈ ਉਹ ਬਹੁਤ ਵੱਡਾ ਹੈ, ਕਿਉਂਕਿ ਇਹ ਸਰਕਾਰ ਸਾਰੇ ਮੋਰਚਿਆਂ ‘ਤੇ ਬੇਨਕਾਬ ਹੋ ਚੁੱਕੀ ਹੈ।” ਜਦਕਿ ਸ਼ਬਾਨਾ ਆਜ਼ਮੀ ਨੇ ਕਿਹਾ, “ਅਸੀਂ ਇੱਕ ਪੀੜ੍ਹੀ ਦੇ ਤੌਰ ‘ਤੇ ਆਪਣੀ ਜਨਰੇਸ਼ਨ ਜ਼ੈਡ (GenZ) ਦਾ ਭਲਾ ਕਰਨ ਵਿੱਚ ਅਸਫ਼ਲ ਰਹੇ ਹਾਂ, ਪਰ ਤੁਸੀਂ ਲੋਕਾਂ ਨੇ ਸਾਨੂੰ ਅੱਗੇ ਵਧਣ ਦਾ ਰਸਤਾ ਦਿਖਾਇਆ ਹੈ।” ਉੱਥੇ ਹੀ ਰਾਜਾਰਾਮ ਸਿੰਘ ਨੇ ਗੱਲ ਖ਼ਤਮ ਕਰਦਿਆਂ ਕਿਹਾ, “ਤੁਹਾਡਾ ਸੰਘਰਸ਼ ਅੱਜ ਤੋਂ ਲੋਕਤੰਤਰ ਦੇ ਘਰ ਵਿੱਚ ਵੀ ਗੂੰਜੇਗਾ। ਤੁਸੀਂ ਪੂਰੀ ਵਿਰੋਧੀ ਧਿਰ ਨੂੰ ਲੜਨ ਦਾ ਰਸਤਾ ਦਿਖਾਇਆ ਹੈ।”
ਆਈਸਾ ਨੇ ਦਾਅਵਾ ਕੀਤਾ ਕਿ ਮਰਨ ਵਰਤ ਦੌਰਾਨ ਤਿੰਨਾਂ ਵਿਦਿਆਰਥੀਆਂ ਦਾ ਸਰੀਰਕ ਭਾਰ 12% ਤੋਂ ਵੱਧ ਘੱਟ ਗਿਆ ਸੀ ਅਤੇ ਉਨ੍ਹਾਂ ਨੂੰ ਖ਼ਤਰਨਾਕ ਤੌਰ ‘ਤੇ ਘੱਟ ਬਲੱਡ ਸ਼ੂਗਰ ਦੇ ਪੱਧਰ ਦੇ ਨਾਲ-ਨਾਲ ਅੰਗਾਂ ‘ਤੇ ਗੰਭੀਰ ਅਸਰ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ‘ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ’ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਿਦਿਆਰਥੀਆਂ ਨੇ ਸੱਤਾ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ।
ਆਈਸਾ ਨੇ ਐਲਾਨ ਕੀਤਾ ਕਿ ਜੰਤਰ-ਮੰਤਰ ਅੰਦੋਲਨ ਦੀਆਂ ਮੰਗਾਂ ਨੂੰ ਜਾਰੀ ਰੱਖਦੇ ਹੋਏ, ਸੰਸਦ ਸੈਸ਼ਨ ਦੇ ਸਮਾਨਾਂਤਰ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਐੱਨ ਟੀ ਏ (NTA) ਅਤੇ ਨਵੀਂ ਸਿੱਖਿਆ ਨੀਤੀ (NEP) 2020 ਵਿਰੁੱਧ ਇੱਕ ਮਹੀਨਾ ਲੰਮੀ ਮੁਹਿੰਮ ਚਲਾਈ ਜਾਵੇਗੀ।

