ਸੰਸਦ ਮਾਰਚ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋਣ ‘ਤੇ ਸੁਰੱਖਿਆ ਬਲਾਂ ਵੱਲੋਂ ਲਾਠੀਚਾਰਜ

ਸੰਸਦ ਮਾਰਚ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋਣ ‘ਤੇ ਸੁਰੱਖਿਆ ਬਲਾਂ ਵੱਲੋਂ ਲਾਠੀਚਾਰਜ

ਸੰਸਦ ਦੇ ਮੌਨਸੂਨ ਸੈਸ਼ਨ ਅਤੇ ਅੱਜ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਸਤਾਵਿਤ “ਚਲੋ ਸੰਸਦ” ਮਾਰਚ ਤੋਂ ਪਹਿਲਾਂ ਦਿੱਲੀ ਪੁਲੀਸ ਹਾਈ ਅਲਰਟ ‘ਤੇ ਹੈ। ਜੰਤਰ-ਮੰਤਰ, ਸੰਸਦ ਅਤੇ ਹੋਰ ਮੁੱਖ ਸਥਾਨਾਂ ਦੇ ਆਲੇ-ਦੁਆਲੇ ਹਰ ਨੁੱਕਰ ‘ਤੇ ਭਾਰੀ ਪੁਲੀਸ ਬਲ ਦੀ ਤਾਇਨਾਤੀ ਕੀਤੀ ਗਈ ਹੈ।

ਨਵੀਂ ਦਿੱਲੀ ਜ਼ਿਲ੍ਹੇ ਵਿੱਚ ਬੀ ਐੱਨ ਐੱਸ ਐੱਸ (BNSS) ਦੀ ਧਾਰਾ 163 ਤਹਿਤ ਪਾਬੰਦੀ ਦੇ ਹੁਕਮ ਲਾਗੂ ਹਨ ਅਤੇ ਇਸ ਦੇ ਮੁਤਾਬਕ, ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੈ।  ਸੀ ਜੇ ਪੀ ਵੱਲੋਂ ਨੀਟ ਪ੍ਰੀਖਿਆ ਦੀਆਂ ਕਥਿਤ ਧਾਂਦਲੀਆਂ ਦੇ ਵਿਰੋਧ ਵਿੱਚ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਲਈ ਸੰਸਦ ਵੱਲ ਮਾਰਚ ਦੇ ਕੀਤੇ ਗਏ ਐਲਾਨ ਤੋਂ ਬਾਅਦ ਸੁਰੱਖਿਆ ਵਿਵਸਥਾ ਨੂੰ ਹੋਰ ਵੀ ਪੁਖ਼ਤਾ ਕੀਤਾ ਗਿਆ ਹੈ।

ਨਵੀਂ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (DCP) ਸਚਿਨ ਸ਼ਰਮਾ ਨੇ ਐਤਵਾਰ ਨੂੰ ਦੱਸਿਆ ਸੀ, “20 ਜੁਲਾਈ 2026 ਨੂੰ ਸੀ ਜੇ ਪੀ ਵੱਲੋਂ ਸੰਸਦ ਵੱਲ ਕੀਤੇ ਜਾਣ ਵਾਲੇ ਪ੍ਰਸਤਾਵਿਤ ਮਾਰਚ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਦਿੱਲੀ ਪੁਲੀਸ ਸਪਸ਼ਟ ਤੌਰ ‘ਤੇ ਸਾਫ਼ ਕਰਦੀ ਹੈ ਕਿ ਅਜਿਹੇ ਕਿਸੇ ਵੀ ਵਿਰੋਧ ਪ੍ਰਦਰਸ਼ਨ/ਮਾਰਚ/ਜਲੂਸ ਲਈ ਕੋਈ ਇਜਾਜ਼ਤ ਨਹੀਂ ਮੰਗੀ ਗਈ ਅਤੇ ਨਾ ਹੀ ਦਿੱਤੀ ਗਈ ਹੈ।”

ਡੀ ਸੀ ਪੀ ਦੀ ਪੋਸਟ ਅਨੁਸਾਰ, ਨਵੀਂ ਦਿੱਲੀ ਜ਼ਿਲ੍ਹੇ ਵਿੱਚ ਧਾਰਾ 163 ਬੀ ਐੱਨ ਐੱਸ ਐੱਸ (ਪਹਿਲਾਂ ਦੀ ਧਾਰਾ 144 ਸੀ ਆਰ ਪੀ ਸੀ) ਤਹਿਤ ਪਾਬੰਦੀ ਦੇ ਹੁਕਮ ਲਾਗੂ ਹਨ।

ਪੋਸਟ ਵਿੱਚ ਲਿਖਿਆ ਗਿਆ, “ਇਸ ਅਨੁਸਾਰ, ਪਹਿਲਾਂ ਤੋਂ ਇਜਾਜ਼ਤ ਲਏ ਬਗੈਰ ਜੰਤਰ-ਮੰਤਰ ਵਿਖੇ ਤੈਅ ਕੀਤੇ ਗਏ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਨੂੰ ਛੱਡ ਕੇ, ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਵਿਰੋਧ ਮਾਰਚਾਂ, ਜਲੂਸਾਂ, ਮੁਜ਼ਾਹਰਿਆਂ ਅਤੇ ਇਕੱਠਾਂ ‘ਤੇ ਸਖ਼ਤ ਪਾਬੰਦੀ ਹੈ।”

ਉੱਥੇ ਹੀ ਸੁਰੱਖਿਆ ਯਕੀਨੀ ਬਣਾਉਣ ਲਈ, ਦਿੱਲੀ ਪੁਲੀਸ ਨੇ ਵਾਧੂ ਜਵਾਨ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਬੈਰੀਕੇਡਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਮੁੱਖ ਪ੍ਰਵੇਸ਼ ਦੁਆਰਾਂ ‘ਤੇ ਵਾਹਨਾਂ ਦੀ ਚੈਕਿੰਗ ਤੇਜ਼ ਕਰ ਦਿੱਤੀ ਹੈ।

ਦਿੱਲੀ ਪੁਲੀਸ ਦੇ ਸੂਤਰਾਂ ਨੇ ਦੱਸਿਆ, “ਨਵੀਂ ਦਿੱਲੀ ਜ਼ਿਲ੍ਹੇ ਵਿੱਚ ਆਉਣ ਵਾਲੀ ਹਰ ਗੱਡੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਹੱਤਵਪੂਰਨ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਪੁਲੀਸ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਵਾਧੂ ਪੁਲੀਸ ਬਲ (ਰਿਜ਼ਰਵ ਫੋਰਸਾਂ) ਨੂੰ ਤਿਆਰ-ਬਰ-ਤਿਆਰ (ਸਟੈਂਡਬਾਏ ‘ਤੇ) ਰੱਖਿਆ ਗਿਆ ਹੈ। ਉੱਥੇ ਹੀ, ਸੰਵੇਦਨਸ਼ੀਲ ਇਲਾਕਿਆਂ ਵਿੱਚ ਸੀ ਸੀ ਟੀ ਵੀ (CCTV) ਰਾਹੀਂ ਨਜ਼ਰ ਰੱਖਣ ਦਾ ਕੰਮ ਵੀ ਤੇਜ਼ ਕਰ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜੰਤਰ-ਮੰਤਰ ਅਤੇ ਇਸ ਦੇ ਆਸ-ਪਾਸ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧ ਕਰਕੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਇਲਾਕੇ ਵਿੱਚ ਦਿੱਲੀ ਪੁਲੀਸ ਦੇ ਜਵਾਨਾਂ ਦੇ ਦੋ ਘੇਰੇ ਅਤੇ ਅਰਧ ਸੈਨਿਕ ਬਲਾਂ (ਪੈਰਾਮਿਲਟਰੀ ਫੋਰਸ) ਦਾ ਇੱਕ ਘੇਰਾ ਤਾਇਨਾਤ ਕੀਤਾ ਗਿਆ ਹੈ। ਇਹ ਸੁਰੱਖਿਆ ਪ੍ਰਬੰਧ ਦਿਨ-ਰਾਤ (24 ਘੰਟੇ) ਲਾਗੂ ਰਹਿਣਗੇ ਤਾਂ ਜੋ ਮਾਹੌਲ ਸ਼ਾਂਤੀਪੂਰਨ ਬਣਿਆ ਰਹੇ।

Share: