ਕੈਨੇਡਾ ਦੇ ਜਿਮ ਵਿੱਚੋਂ ਕਕਾਰ ਕਾਰਨ ਸਿੱਖ TikTok ਇਨਫਲੂਐਂਸਰ ਨੂੰ ਬਾਹਰ ਕੱਢਿਆ

ਕੈਨੇਡਾ ਦੇ ਜਿਮ ਵਿੱਚੋਂ ਕਕਾਰ ਕਾਰਨ ਸਿੱਖ TikTok ਇਨਫਲੂਐਂਸਰ ਨੂੰ ਬਾਹਰ ਕੱਢਿਆ

ਵਿਨੀਪੈੱਗ : ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਵਿਚ ਉੱਘੇ ਸਿੱਖ ਟਿਕ ਟੌਕ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਖ਼ਾਲਸਾ ਨੂੰ ਜਿਮ ਵਿੱਚੋਂ ਬਾਹਰ ਜਾਣ ਲਈ ਆਖ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵਿਦੇਸ਼ਾਂ ਵਿੱਚ ਸਿੱਖ ਕਕਾਰਾਂ (ਧਾਰਮਿਕ ਚਿੰਨ੍ਹਾਂ) ਦੀ ਆਜ਼ਾਦੀ ਅਤੇ ਨਸਲੀ ਵਿਤਕਰੇ ਨੂੰ ਲੈ ਕੇ ਇੱਕ ਵਾਰ ਫਿਰ ਬਹਿਸ ਛਿੜ ਗਈ ਹੈ। ਇਹ ਮਾਮਲਾ ਧਾਰਮਿਕ ਅਧਿਕਾਰਾਂ ਅਤੇ ਜਨਤਕ ਥਾਵਾਂ ’ਤੇ ਸੁਰੱਖਿਆ ਨਿਯਮਾਂ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਪ੍ਰਤਾਪ ਸਿੰਘ ਖ਼ਾਲਸਾ ਵਿੰਡਸਰ ਸਥਿਤ ‘ਗੁੱਡ ਲਾਈਫ਼ ਫਿਟਨੈੱਸ’ (GoodLife Fitness) ਜਿਮ ਵਿੱਚ ਕਸਰਤ ਕਰ ਰਿਹਾ ਸੀ। ਇਸ ਦੌਰਾਨ ਜਿਮ ਦੇ ਇੱਕ ਕਰਮਚਾਰੀ ਨੇ ਉਸ ਕੋਲ ਆ ਕੇ ਇਤਰਾਜ਼ ਜਤਾਇਆ।

ਦੱਸਿਆ ਜਾ ਰਿਹਾ ਹੈ ਕਿ ਜਿਮ ਵਿੱਚ ਮੌਜੂਦ ਕਿਸੇ ਹੋਰ ਨੇ ਗੁਰਪ੍ਰਤਾਪ ਸਿੰਘ ਵੱਲੋਂ ਪਹਿਨੀ ਹੋਈ ਕਿਰਪਾਨ ਨੂੰ ਦੇਖ ਕੇ ਪ੍ਰਬੰਧਕਾਂ ਕੋਲ ਚਿੰਤਾ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਜਿਮ ਦੇ ਸਟਾਫ਼ ਨੇ ਕਿਰਪਾਨ ਨੂੰ ‘ਹਥਿਆਰ’ ਗਰਦਾਨਦਿਆਂ ਖ਼ਾਲਸਾ ਨੂੰ ਤੁਰੰਤ ਜਿਮ ਦੀ ਇਮਾਰਤ ਛੱਡਣ ਲਈ ਕਹਿ ਦਿੱਤਾ।

ਇਸ ਸਾਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਜਿਮ ਕਰਮਚਾਰਨ ਇਹ ਕਹਿੰਦੀ ਸੁਣਾਈ ਦਿੰਦੀ ਹੈ ਕਿ ਕਿਸੇ ਹੋਰ ਮੈਂਬਰ ਦੇ ਇਤਰਾਜ਼ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਹੈ।

ਦੂਜੇ ਪਾਸੇ, ਗੁਰਪ੍ਰਤਾਪ ਸਿੰਘ ਜਿਮ ਦੇ ਕਰਮਚਾਰੀ ਦੇ ਇਸ ਵਤੀਰੇ ‘ਤੇ ਸਖ਼ਤ ਸਵਾਲ ਚੁੱਕਦਾ ਨਜ਼ਰ ਆ ਰਿਹਾ ਹੈ। ਉਸ ਨੇ ਦਲੀਲ ਦਿੱਤੀ ਕਿ ਕੈਨੇਡਾ ਦੇ ਕਾਨੂੰਨ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਦੇ ਹਨ ਅਤੇ ਕਿਰਪਾਨ ਸਿੱਖ ਧਰਮ ਦਾ ਪਵਿੱਤਰ ਧਾਰਮਿਕ ਚਿੰਨ੍ਹ ਹੈ, ਨਾ ਕਿ ਹਮਲੇ ਲਈ ਵਰਤਿਆ ਜਾਣ ਵਾਲਾ ਕੋਈ ਹਥਿਆਰ।

ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਸਿਰਫ਼ ਸਿੱਖ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ, ਜੋ ਸਿੱਧੇ ਤੌਰ ‘ਤੇ ਨਸਲੀ ਅਤੇ ਧਾਰਮਿਕ ਵਿਤਕਰਾ ਹੈ।

ਇਸ ਘਟਨਾ ਨੇ ਇੰਟਰਨੈੱਟ ‘ਤੇ ਆਮ ਲੋਕਾਂ ਦੀ ਰਾਇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਬਹੁਤੇ ਲੋਕਾਂ ਨੇ ਜਿਮ ਪ੍ਰਬੰਧਕਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦਾ ਸੰਵਿਧਾਨ ਹਰ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ। ਅੰਮ੍ਰਿਤਧਾਰੀ ਸਿੱਖ ਲਈ ਕਿਰਪਾਨ ਸਰੀਰ ਦਾ ਇੱਕ ਅਟੁੱਟ ਅੰਗ ਹੈ, ਜੋ ਨਿਆਂ, ਧਰਮ ਦੀ ਰੱਖਿਆ ਅਤੇ ਕਮਜ਼ੋਰਾਂ ਦੀ ਸਹਾਇਤਾ ਦਾ ਪ੍ਰਤੀਕ ਹੈ। ਇਸ ਨੂੰ ਹਥਿਆਰ ਕਹਿ ਕੇ ਬਾਹਰ ਕੱਢਣਾ ਸਿੱਖ ਮਰਿਆਦਾ ਦਾ ਘੋਰ ਅਪਮਾਨ ਹੈ।

ਦੂਜੇ ਪਾਸੇ ਕੁਝ ਲੋਕਾਂ ਦਾ ਤਰਕ ਹੈ ਕਿ ਜਿਮ ਵਰਗੀਆਂ ਜਨਤਕ ਥਾਵਾਂ ‘ਤੇ ਸੁਰੱਖਿਆ ਨਿਯਮਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਨੁਕੀਲੀ ਜਾਂ ਧਾਰਦਾਰ ਚੀਜ਼ ਲਿਆਉਣ ਦੀ ਮਨਾਹੀ ਹੁੰਦੀ ਹੈ, ਇਸ ਲਈ ਜਿਮ ਪ੍ਰਬੰਧਕਾਂ ਨੇ ਸਿਰਫ਼ ਆਪਣੀ ਅੰਦਰੂਨੀ ਪਾਲਿਸੀ ਦੀ ਪਾਲਣਾ ਕੀਤੀ ਹੈ।

ਇਸ ਪੂਰੇ ਵਿਵਾਦ ‘ਤੇ ਫ਼ਿਲਹਾਲ ‘ਗੁੱਡ ਲਾਈਫ਼ ਫਿਟਨੈੱਸ’ ਦੇ ਉੱਚ ਪ੍ਰਬੰਧਕਾਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਂ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ ਪਰ ਕੈਨੇਡਾ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਘਟਨਾ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਜਾ ਰਹੀ ਹੈ। ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਜਨਤਕ ਅਤੇ ਨਿੱਜੀ ਅਦਾਰਿਆਂ ਨੂੰ ਸਿੱਖ ਇਤਿਹਾਸ, ਰੀਤੀ-ਰਿਵਾਜ਼ਾਂ ਅਤੇ ਕਕਾਰਾਂ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Share: