ਚੰਡੀਗਡ਼੍ਹ : ਰਾਜਪੁਰਾ ਦੇ ਸਰਕਾਰੀ ਸਕੂਲ ’ਚ ਰੋਜ਼ ਵਾਂਗ ਸਵੇਰ ਦੀ ਸਭਾ ਸ਼ੁਰੂ ਹੋਈ। ਬੱਚਿਆਂ ਨੇ ਪ੍ਰਾਰਥਨਾ ਸ਼ੁਰੂ ਕੀਤੀ ਸੀ ਕਿ ਅਚਾਨਕ ਕਾਲੇ ਦੌਰ ਦੇ ਪਰਛਾਵੇਂ ਦੀ ਝਪਟ ਪਈ, ਸਕੂਲ ਪ੍ਰਿੰਸੀਪਲ ਨਿਰਮਲ ਕਾਂਤਾ ਥਾਏਂ ਢੇਰ ਹੋ ਗਈ। 17 ਦਸੰਬਰ 1990 ਦੀ ਉਹ ਮਨਹੂਸ ਸਵੇਰ ਸੀ, ਜਦੋਂ ਸਕੂਲ ਪ੍ਰਿੰਸੀਪਲ ਨਿਰਮਲ ਕਾਂਤਾ ਨੂੰ ਜ਼ਿੰਦਗੀ ਤੋਂ ਵਿਦਾ ਹੋਣਾ ਪਿਆ। ਗੋਲੀਆਂ ਦੀ ਆਵਾਜ਼ ਨੇ ਸਕੂਲੀ ਬੱਚਿਆਂ ਨੂੰ ਸੁੰਨ ਕਰ ਦਿੱਤਾ ਸੀ।
ਰਾਜਪੁਰਾ ਦੀ ਇਹ ਸਕੂਲ ਪ੍ਰਿੰਸੀਪਲ ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸ ਰਹੀ ਸੀ। ਸਰਕਾਰੀ ਕਾਨੂੰਨ ਮੁਤਾਬਕ ਬੱਚੇ ਸਕੂਲੀ ਵਰਦੀ ਪਹਿਨਦੇ ਸਨ। ਦੂਜੇ ਪਾਸੇ, ਕਾਲੇ ਦੌਰ ਦਾ ਆਪਣਾ ਡਰੈੱਸ ਕੋਡ ਸੀ। ਡਰੈੱਸ ਕੋਡ ਲਈ ਜ਼ੁਬਾਨੀ ਹੁਕਮ ਸਨ ਕਿ ਕਾਲੀ ਸਲਵਾਰ ਅਤੇ ਕੇਸਰੀ ਦੁਪੱਟਾ ਸਕੂਲੀ ਬੱਚੀਆਂ ਦਾ ਪਹਿਰਾਵਾ ਹੋਵੇਗਾ, ਚੁੰਨੀ ਨਾਲ ਸਿਰ ਢੱਕਣਾ ਲਾਜ਼ਮੀ ਸੀ। ਸਕੂਲੀ ਬੱਚੇ ਕੇਸਰੀ ਜਾਂ ਕਾਲੀ ਪੱਗ ਬੰਨ੍ਹਣਗੇ। ਮੇਕਅੱਪ ਦੀ ਮਨਾਹੀ ਸੀ। ਬੇਵੱਸੀ ’ਚ ਇਹ ਪ੍ਰਿੰਸੀਪਲ ਚੱਕੀ ਦੇ ਪੁੜਾਂ ’ਚ ਪਿਸ ਗਈ। ਉਨ੍ਹਾਂ ਦਿਨਾਂ ’ਚ ਇਹੋ ਮਨੋਦਸ਼ਾ ਹਰ ਸਕੂਲ ਪ੍ਰਿੰਸੀਪਲ ਜਾਂ ਮੁਖੀ ਦੀ ਹੁੰਦੀ ਸੀ। ਉਸ ਦੌਰ ’ਚ ਸਮਾਜਿਕ ਅਤੇ ਭਾਸ਼ਾਈ ਜ਼ਾਬਤੇ ਨੂੰ ਅਮਲ ’ਚ ਲਿਆਉਣ ਦਾ ਫ਼ਰਮਾਨ ਸੀ। ਅੱਸੀ ਤੇ ਨੱਬੇ ਦੇ ਦਹਾਕੇ ’ਚ ਸਮਾਜ ਸੁਧਾਰ ਦੀ ਲੀਹ ਜ਼ੋਰ ਜਬਰ ਨਾਲ ਖਿੱਚੀ ਜਾਣ ਲੱਗੀ ਸੀ। ਕਲਮਾਂ ਵਾਲੇ ਵੀ ਸਹਿਮੇ ਹੋਏ ਸਨ। ਗੁਰਮੁਖੀ ਲਿਪੀ ਲਾਗੂ ਕਰਨ ਲਈ ਭਾਸ਼ਾ ਕੋਡ ਘੜਿਆ ਗਿਆ। ਫ਼ਰਮਾਨ ਸੀ ਕਿ ਦਫ਼ਤਰੀ ਅਤੇ ਪ੍ਰਸ਼ਾਸਕੀ ਕੰਮਾਂ ’ਚ ਪੰਜਾਬੀ ਲਾਗੂ ਕੀਤੀ ਜਾਵੇ। ਇੱਕ ਵੀ ਗ਼ਲਤ ਸ਼ਬਦ ਮੌਤ ਦੇ ਵਾਰੰਟ ਵਾਂਗ ਸੀ। ਉਨ੍ਹਾਂ ਦਿਨਾਂ ’ਚ ਬਾਬੇ ਫ਼ਰੀਦ, ਨਾਨਕ ਅਤੇ ਵਾਰਿਸ ਸ਼ਾਹ ਦੀ ਮੁਹੱਬਤ ਦੀ ਭਾਸ਼ਾ ਬਾਰੇ ਜਾਰੀ ਫ਼ਰਮਾਨ ਦਮ ਘੋਟੂ ਮਾਹੌਲ ਸਿਰਜ ਰਹੇ ਸਨ। ਆਲ ਇੰਡੀਆ ਰੇਡੀਓ ਪਟਿਆਲਾ ਦਾ ਸਹਾਇਕ ਡਾਇਰੈਕਟਰ ਐੱਮ ਐੱਲ ਮਨਚੰਦਾ ਇਨ੍ਹਾਂ ਫ਼ਰਮਾਨਾਂ ’ਤੇ ਖ਼ਰਾ ਨਾ ਉੱਤਰ ਸਕਿਆ। ਮਨਚੰਦਾ ਨੂੰ 18 ਮਈ 1992 ਨੂੰ ਅਗਵਾ ਕੀਤਾ ਗਿਆ ਤੇ 27 ਮਈ ਨੂੰ ਉਸ ਦਾ ਸਿਰ ਸ਼ੰਭੂ ਤੋਂ ਅਤੇ ਧੜ ਅੰਬਾਲਾ ਤੋਂ ਮਿਲਿਆ। ਆਲ ਇੰਡੀਆ ਰੇਡੀਓ ਚੰਡੀਗੜ੍ਹ ਦਾ ਸਟੇਸ਼ਨ ਡਾਇਰੈਕਟਰ ਏ ਕੇ ਤਾਲਿਬ ਵੀ ਹਿੰਦੀ ਬੁਲੇਟਿਨ ਬੰਦ ਕਰਨ ਤੋਂ ਬੇਵੱਸ ਹੋ ਗਿਆ। ਤਾਲਿਬ ਵੀ ਇਸੇ ਭੁੱਲ ਵਜੋਂ 6 ਦਸੰਬਰ 1990 ਨੂੰ ਜ਼ਿੰਦਗੀ ਤੋਂ ਹੱਥ ਧੋ ਬੈਠਾ। ਉਸ ਕਾਲੇ ਸਮੇਂ ਦੌਰਾਨ ਫ਼ਰਮਾਨ ਸੀ ਕਿ ਬਰਾਤ ’ਚ ਵੱਧ ਤੋਂ ਵੱਧ 11 ਬਰਾਤੀ ਹੋਣਗੇ, ਮਿਲਣੀ ਮੌਕੇ ਇੱਕ ਜਾਂ 11 ਰੁਪਏ ਤੋਂ ਵੱਧ ਨਹੀਂ ਦਿੱਤੇ ਜਾਣਗੇ, ਦਾਹ-ਦਹੇਜ ’ਚ ਵਾਹਨ ਦੇਣ ਦੀ ਮਨਾਹੀ ਸੀ। ਵਿਆਹ ’ਚ ਜਾਗੋ, ਨਾਚ ਗਾਣੇ ’ਤੇ ਰੋਕ, ਵੀਡੀਓਗ੍ਰਾਫੀ ਨਹੀਂ ਹੋਵੇਗੀ। ਉਸ ਵਕਤ ਕਈ ਪਿੰਡਾਂ ’ਚ ਬਰਾਤ ਨੂੰ ਛੱਪੜਾਂ ’ਚ ਉਤਾਰੇ ਜਾਣ ਦੀਆਂ ਖ਼ਬਰਾਂ ਵੀ ਆਈਆਂ ਸਨ। ਦੁਆਬੇ ’ਚ ਇੱਕ ਬੈਂਡ ਵਾਜੇ ਵਾਲਾ ਜ਼ਿੰਦਗੀ ਦੇ ਸੁਰ ਹੀ ਗੁਆ ਬੈਠਾ। ਸਕੂਲਾਂ ’ਚ ਰਾਸ਼ਟਰੀ ਗਾਣ ਦੀ ਮਨਾਹੀ ਸੀ। ਬੱਸਾਂ ’ਚ ਲੱਚਰ ਗੀਤ ਸੰਗੀਤ ਨਹੀਂ ਵੱਜ ਸਕਦਾ ਸੀ। ਗਾਇਕਾਂ ਨੂੰ ਲੱਚਰ ਗਾਉਣੋਂ ਰੋਕਿਆ ਗਿਆ। ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਉਸੇ ਦੌਰ ’ਚ 8 ਮਾਰਚ 1988 ਨੂੰ ਜਲੰਧਰ ਦੇ ਪਿੰਡ ਮਹਿਸਮਪੁਰ ’ਚ ਆਖ਼ਰੀ ਹੇਕ ਲੱਗੀ।
ਫਿਲਮੀ ਅਦਾਕਾਰ ਵਰਿੰਦਰ 6 ਦਸੰਬਰ 1988 ਨੂੰ ਨਵੀਂ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ। ਹਿੰਸਾ ਦੀ ਲਾਟ ਨੇ ਵਰਿੰਦਰ ਨੂੰ ਅਗਲਾ ਸਾਹ ਨਹੀਂ ਲੈਣ ਦਿੱਤਾ। ਉਨ੍ਹਾਂ ਵੇਲਿਆਂ ’ਚ ਮੀਡੀਆ ਕੋਡ ਵੀ ਲਾਗੂ ਕੀਤਾ ਗਿਆ। ਅਖ਼ਬਾਰਾਂ ਦੀ ਭਾਸ਼ਾ ਬਾਰੇ ਫ਼ਰਮਾਨ ਜਾਰੀ ਹੋਏ। ਉਸ ਦੌਰ ’ਚ ਕਰੀਬ 62 ਪੱਤਰਕਾਰ, ਨਿਊਜ਼ ਪੇਪਰ ਏਜੰਟ ਅਤੇ ਹਾਕਰ ਹਿੰਸਾ ਦੀ ਲਪੇਟ ਚੜ੍ਹ ਗਏ। ਪਰਵਾਸੀ ਮਜ਼ਦੂਰਾਂ ਲਈ ਵੀ ਕਸ਼ਟ ਭਰੇ ਦਿਨ ਸਨ। ਨਸ਼ਿਆਂ ਦੀ ਵਰਤੋਂ ਦੀ ਮਨਾਹੀ ਸੀ। ਉਨ੍ਹਾਂ ਦਿਨਾਂ ਦਾ ਏਜੰਡਾ ਸਮਾਜਿਕ ਪ੍ਰੋਗਰਾਮਾਂ ’ਚ ਸਾਦਗੀ ਰੱਖਣਾ ਸੀ ਅਤੇ ਫ਼ਜ਼ੂਲ ਖ਼ਰਚੀ ਰੋਕਣਾ ਸੀ।
ਅਜਿਹਾ ਦੌਰ ਸੀ ਜਦੋਂ ਪੰਜਾਬੀਆਂ ਦੀ ਖੁੱਲ੍ਹ-ਡੁੱਲ੍ਹੀ ਜੀਵਨ ਸ਼ੈਲੀ ਡਰ ਅਤੇ ਸਖ਼ਤੀ ਦੇ ਚੌਖਟੇ ’ਚ ਬੱਝ ਗਈ ਸੀ। ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਸੀ ਅਤੇ ਸ਼ਗਨਾਂ ਦੇ ਵਿਹੜੇ ਵੀ ਖ਼ਾਮੋਸ਼ ਹੋ ਗਏ ਸਨ। ਕਵੀ ਅਤੇ ਲੇਖਕ ਦੁਬਿਧਾ ਦੀ ਸੁਰੰਗ ’ਚ ਫਸੇ ਹੋਏ ਸਨ। ਹਿੰਸਾ ਦੀ ਝੁੱਲੀ ਹਨੇਰੀ ਵਿੱਚ ਇੱਕੋ ਹਫ਼ਤੇ ’ਚ ਦੋ ਇਨਕਲਾਬੀ ਚਲੇ ਗਏ। 17 ਮਾਰਚ 1988 ਨੂੰ ਲੋਕ ਕਵੀ ਜੈਮਲ ਸਿੰਘ ਪੱਡਾ ਅਤੇ ਹਫ਼ਤੇ ਮਗਰੋਂ 23 ਮਾਰਚ 1988 ਨੂੰ ਅਵਤਾਰ ਪਾਸ਼ ਅਲਵਿਦਾ ਆਖ ਗਿਆ। ਉਹ ਸਮਾਂ ਸੀ ਜਦੋਂ ਆਪਸ ’ਚ ਜੋੜਨ ਵਾਲੀ ਭਾਸ਼ਾ ਹੀ ਡਰ ਦਾ ਪ੍ਰਤੀਕ ਬਣ ਗਈ ਸੀ।

