ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਇੱਕ ਰੋਜ਼ਾ ਅਹਿਮ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਤਿੰਨਾਂ ਖੇਤਰਾਂ ਵਿੱਚ ਕੁੱਲ 26,800 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਨਾਲ ਖੇਤਰ ਵਿੱਚ ਸਿਹਤ, ਸਿੱਖਿਆ, ਰੇਲਵੇ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਇੱਕ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ, ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਵਪਾਰਕ ਵਰਗ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਆਪਣੇ ਦੌਰੇ ਦੀ ਸ਼ੁਰੂਆਤ ਸਵੇਰੇ 11 ਵਜੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਕਰਨਗੇ, ਜਿੱਥੇ ਉਹ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਦੇਸ਼ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪੂਰੀ ਤਰ੍ਹਾਂ ਭਾਰਤ ਵਿੱਚ ਡਿਜ਼ਾਈਨ ਅਤੇ ਤਿਆਰ ਕੀਤੀ ਗਈ 10 ਕੋਚਾਂ ਵਾਲੀ ਇਹ ਟ੍ਰੇਨ ਦੁਨੀਆ ਦੀਆਂ ਸਭ ਤੋਂ ਲੰਬੀਆਂ ਅਤੇ ਸ਼ਕਤੀਸ਼ਾਲੀ ਹਾਈਡ੍ਰੋਜਨ ਟ੍ਰੇਨਾਂ ਵਿੱਚੋਂ ਇੱਕ ਹੈ। ਹਾਈਡ੍ਰੋਜਨ ਫਿਊਲ ਸੈੱਲ ਤਕਨੀਕ ’ਤੇ ਆਧਾਰਿਤ ਹੋਣ ਕਾਰਨ ਇਹ ਟ੍ਰੇਨ ਬਿਲਕੁਲ ਜ਼ੀਰੋ ਕਾਰਬਨ ਉਤਸਰਜਨ ਕਰੇਗੀ ਅਤੇ ਇਸ ਵਿੱਚੋਂ ਸਿਰਫ਼ ਪਾਣੀ ਦੀ ਭਾਫ਼ (ਵਾਟਰ ਵੇਪਰ) ਹੀ ਬਾਹਰ ਨਿਕਲੇਗੀ, ਜੋ ਕਿ ਵਾਤਾਵਰਣ ਪੱਖੋਂ ਇੱਕ ਇਤਿਹਾਸਕ ਕਦਮ ਹੈ। ਇਸ ਤੋਂ ਬਾਅਦ, ਉਹ ਏਕਲਵਿਆ ਸਟੇਡੀਅਮ ਵਿੱਚ ₹14,700 ਕਰੋੜ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਜਨਸਭਾ ਨੂੰ ਸੰਬੋਧਨ ਕਰਨਗੇ।
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਸਣੇ ਕਈ ਹਾਈਵੇਅ ਦਾ ਤੋਹਫ਼ਾ
ਹਰਿਆਣਾ ਦੌਰੇ ਦੌਰਾਨ ਪ੍ਰਧਾਨ ਮੰਤਰੀਮੋਦੀ 9,680 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 157.92 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ (ਪੈਕੇਜ 1 ਤੋਂ 5) ਦਾ ਉਦਘਾਟਨ ਕਰਨਗੇ। ਇਸ ਗ੍ਰੀਨਫੀਲਡ ਕੋਰੀਡੋਰ ਦੇ ਚਾਲੂ ਹੋਣ ਨਾਲ ਦਿੱਲੀ ਤੋਂ ਕਟੜਾ ਦਾ ਸਫ਼ਰ 14 ਘੰਟਿਆਂ ਤੋਂ ਘਟ ਕੇ 6 ਘੰਟੇ ਅਤੇ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ 8 ਘੰਟਿਆਂ ਤੋਂ ਘਟ ਕੇ ਸਿਰਫ਼ 4 ਘੰਟੇ ਰਹਿ ਜਾਵੇਗਾ। ਇਸ ਤੋਂ ਇਲਾਵਾ, ਅੰਬਾਲਾ-ਕਾਲਾ ਅੰਬ ਹਾਈਵੇਅ, ਜੀਂਦ-ਗੋਹਾਨਾ ਗ੍ਰੀਨਫੀਲਡ ਹਾਈਵੇਅ, ਕੁਰੂਕਸ਼ੇਤਰ ਵਿੱਚ ਐਲੀਵੇਟਿਡ ਰੇਲਵੇ ਟ੍ਰੈਕ, ਭਿਵਾਨੀ ਤੇ ਨਾਰਨੌਲ ਦੇ ਮੈਡੀਕਲ ਕਾਲਜ ਅਤੇ ਕੁਰੂਕਸ਼ੇਤਰ ਵਿੱਚ ਇੱਕ ਆਧੁਨਿਕ ਸਿੱਖ ਮਿਊਜ਼ੀਅਮ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਚੰਡੀਗੜ੍ਹ PGI ਨੂੰ ਮਿਲਣਗੇ ਦੋ ਹਾਈਟੈਕ ਸੁਪਰ-ਸਪੈਸ਼ਲਿਟੀ ਸੈਂਟਰ
ਦੁਪਹਿਰ ਕਰੀਬ 1:45 ਵਜੇ ਪ੍ਰਧਾਨ ਮੰਤਰੀ ਚੰਡੀਗੜ੍ਹ ਪਹੁੰਚਣਗੇ, ਜਿੱਥੇ ਉਹ 6,600 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਉਹ ਪੀਜੀਆਈਐਮਈਆਰ (PGIMER) ਵਿਖੇ 300 ਬੈੱਡਾਂ ਵਾਲੇ ‘ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ’ ਅਤੇ ਗੁੰਝਲਦਾਰ ਦਿਮਾਗੀ ਬਿਮਾਰੀਆਂ ਦੇ ਇਲਾਜ ਲਈ ‘ਐਡਵਾਂਸਡ ਨਿਊਰੋਸਾਇੰਸ ਸੈਂਟਰ’ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ 150 ਬੈੱਡਾਂ ਵਾਲੇ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਸਿੱਖਿਆ ਅਤੇ ਸੜਕੀ ਨੈੱਟਵਰਕ ਦੇ ਖੇਤਰ ਵਿੱਚ, ਪੰਜਾਬ ਇੰਜੀਨੀਅਰਿੰਗ ਕਾਲਜ (PEC) ਵਿਖੇ ਨਵੇਂ ਹੋਸਟਲ, ਮੋਹਾਲੀ ਆਈਟੀ ਸਿਟੀ ਤੋਂ ਕੁਰਾਲੀ ਤੱਕ 6-ਲੇਨ ਗ੍ਰੀਨਫੀਲਡ ਹਾਈਵੇਅ ਦਾ ਉਦਘਾਟਨ ਅਤੇ ਜ਼ੀਰਕਪੁਰ ਗ੍ਰੀਨਫੀਲਡ ਬਾਈਪਾਸ ਦਾ ਨੀਂਹ ਪੱਥਰ ਵੀ ਇਸ ਦੌਰੇ ਦਾ ਮੁੱਖ ਹਿੱਸਾ ਹਨ।
ਜਲੰਧਰ ਕੈਂਟ ਸਣੇ 75 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਹੋਵੇਗਾ ਉਦਘਾਟਨ
ਆਪਣੇ ਦੌਰੇ ਦੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ ਜਲੰਧਰ ਪਹੁੰਚਣਗੇ। ਇੱਥੇ ਉਹ 5,470 ਕਰੋੜ ਰੁਪਏ ਦੇ ਰੇਲ ਅਤੇ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਸ ਵਿੱਚ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਦੇਸ਼ ਭਰ ਦੇ 75 ਪੁਨਰ-ਵਿਕਸਿਤ ਰੇਲਵੇ ਸਟੇਸ਼ਨਾਂ (ਜਿਸ ਵਿੱਚ ਜਲੰਧਰ ਕੈਂਟ ਵੀ ਸ਼ਾਮਲ ਹੈ) ਨੂੰ ਦੇਸ਼ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੀ ਦੌਲਤਪੁਰ ਚੌਕ-ਕਰਤੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਦੋ ਨਵੀਆਂ ਰੇਲਾਂ (ਕਰਤੋਲੀ-ਅੰਬਾਲਾ ਅਤੇ ਅੰਮ੍ਰਿਤਸਰ-ਵਾਰਾਨਸੀ) ਨੂੰ ਹਰੀ ਝੰਡੀ ਦਿਖਾਈ ਜਾਵੇਗੀ। ਪੰਜਾਬ ਵਿੱਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਦਿਆਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਪੈਕੇਜ-6 (30.9 ਕਿਲੋਮੀਟਰ) ਦਾ ਉਦਘਾਟਨ ਅਤੇ 25.2 ਕਿਲੋਮੀਟਰ ਲੰਬੇ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੇ ਖ਼ਾਸ ਨੁਕਤੇ
- 26,800 ਕਰੋੜ ਰੁਪਏ ਦੇ ਪ੍ਰੋਜੈਕਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰੇ ਦੌਰਾਨ ਕੁੱਲ ਮਿਲਾ ਕੇ ਲਗਭਗ 26,800 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ।
- ਜੀਂਦ ਵਿੱਚ ਵੱਡਾ ਨਿਵੇਸ਼: ਉਹ ਹਰਿਆਣਾ ਦੇ ਜੀਂਦ ਵਿੱਚ ਲਗਭਗ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ।
- ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ: ਮੋਦੀ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
- ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਟ੍ਰੇਨ: ਹਾਈਡ੍ਰੋਜਨ ਫਿਊਲ ਸੈੱਲ ਨਾਲ ਚੱਲਣ ਵਾਲੀ ਇਹ ਟ੍ਰੇਨ ਦੁਨੀਆ ਦੀਆਂ ਸਭ ਤੋਂ ਲੰਬੀਆਂ ਅਤੇ ਸਭ ਤੋਂ ਸ਼ਕਤੀਸ਼ਾਲੀ ਹਾਈਡ੍ਰੋਜਨ ਟ੍ਰੇਨਾਂ ਵਿੱਚੋਂ ਇੱਕ ਹੈ।
- ਜ਼ੀਰੋ ਕਾਰਬਨ ਉਤਸਰਜਨ: ਇਹ ਟ੍ਰੇਨ ਵਾਤਾਵਰਣ ਦੇ ਪੱਖੋਂ ਪੂਰੀ ਤਰ੍ਹਾਂ ਅਨੁਕੂਲ ਹੈ, ਜੋ ਜ਼ੀਰੋ ਕਾਰਬਨ ਉਤਸਰਜਨ ਕਰੇਗੀ ਅਤੇ ਇਸ ਵਿੱਚੋਂ ਉਪ-ਉਤਪਾਦ (by-product) ਵਜੋਂ ਸਿਰਫ਼ ਪਾਣੀ ਦੀ ਭਾਫ਼ ਨਿਕਲੇਗੀ।
- ਕੁਰੂਕਸ਼ੇਤਰ ਵਿੱਚ ਸਿੱਖ ਮਿਊਜ਼ੀਅਮ: ਉਹ ਕੁਰੂਕਸ਼ੇਤਰ ਵਿੱਚ ਸਿੱਖ ਗੁਰੂਆਂ ਦੀ ਵਿਰਾਸਤ ਅਤੇ ਸਿੱਖ ਪਰੰਪਰਾ ਨੂੰ ਸਮਰਪਿਤ ਇੱਕ ਆਧੁਨਿਕ ਸਿੱਖ ਅਜਾਇਬ ਘਰ (ਮਿਊਜ਼ੀਅਮ) ਦਾ ਨੀਂਹ ਪੱਥਰ ਰੱਖਣਗੇ।
- ਚੰਡੀਗੜ੍ਹ ਲਈ 6,600 ਕਰੋੜ ਰੁਪਏ ਦੇ ਤੋਹਫ਼ੇ: ਚੰਡੀਗੜ੍ਹ ਵਿੱਚ ਸਿਹਤ ਸੇਵਾਵਾਂ, ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ₹6,600 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ।
- PGI ਚੰਡੀਗੜ੍ਹ ਵਿੱਚ ਨਵੇਂ ਸੈਂਟਰ: ਪ੍ਰਧਾਨ ਮੰਤਰੀ ਪੀਜੀਆਈਐਮਈਆਰ (PGIMER) ਚੰਡੀਗੜ੍ਹ ਵਿਖੇ ਸੁਪਰ-ਸਪੈਸ਼ਲਿਟੀ ਸੁਵਿਧਾਵਾਂ ਵਾਲੇ ‘ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ’ ਅਤੇ ‘ਐਡਵਾਂਸਡ ਨਿਊਰੋਸਾਇੰਸ ਸੈਂਟਰ’ ਦਾ ਉਦਘਾਟਨ ਕਰਨਗੇ।
- ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ: ਉਹ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਪੈਕੇਜ 1 ਤੋਂ 6 ਨੂੰ ਦੇਸ਼ ਨੂੰ ਸਮਰਪਿਤ ਕਰਨਗੇ, ਜਿਸ ਨਾਲ ਸਫ਼ਰ ਦਾ ਸਮਾਂ ਕਾਫ਼ੀ ਘਟ ਜਾਵੇਗਾ।
- ਜਲੰਧਰ ਵਿੱਚ ਵਿਕਾਸ ਕਾਰਜ: ਪੰਜਾਬ ਦੇ ਜਲੰਧਰ ਵਿੱਚ 5,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ਿਲਾਨਿਆਸ ਕੀਤਾ ਜਾਵੇਗਾ।
- 75 ਅੰਮ੍ਰਿਤ ਭਾਰਤ ਸਟੇਸ਼ਨ: ਦੇਸ਼ ਦੇ 20 ਸੂਬਿਆਂ ਵਿੱਚ ਫੈਲੇ 75 ਪੁਨਰ-ਵਿਕਸਿਤ (ਰੀ-ਡਿਵੈਲਪਡ) ‘ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ’ ਦਾ ਉਦਘਾਟਨ ਵੀ ਇਸੇ ਦੌਰੇ ਦੌਰਾਨ ਕੀਤਾ ਜਾਵੇਗਾ।
