ਸਿਆਟਲ : ਬੈਲਜੀਅਮ ਦੇ ਸਟਾਰ ਖਿਡਾਰੀ ਕੇਵਿਨ ਡੀ ਬਰੂਇਨ ਅਤੇ ਰੋਮੇਲੂ ਲੁਕਾਕੂ ਨੂੰ ਗੋਲ ਕਰਨ ਦੇ ਕੁਝ ਸ਼ਾਨਦਾਰ ਮੌਕੇ ਮਿਲੇ, ਪਰ ਉਹ ਇਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲੇ ਸਕੇ। ਇਸ ਕਾਰਨ ਬੈਲਜੀਅਮ ਨੂੰ ਮਿਸਰ ਖ਼ਿਲਾਫ਼ ਆਲਮੀ ਕੱਪ ਫੁਟਬਾਲ ਦੇ ਗਰੁੱਪ ‘ਜੀ’ ਦੇ ਮੈਚ ਵਿੱਚ 1-1 ਨਾਲ ਡਰਾਅ ਖੇਡਣਾ ਪਿਆ। ਮੈਚ ਦੇ 19ਵੇਂ ਮਿੰਟ ਵਿੱਚ ਇਮਾਮ ਅਸ਼ੂਰ ਨੇ ਗੋਲ ਕਰ ਕੇ ਮਿਸਰ ਨੂੰ ਸ਼ੁਰੂਆਤੀ ਲੀਡ ਦਿਵਾਈ। ਸੱਟ ਤੋਂ ਉਭਰ ਰਿਹਾ ਲੁਕਾਕੂ ਸ਼ੁਰੂਆਤੀ ਟੀਮ ਦਾ ਹਿੱਸਾ ਨਹੀਂ ਸੀ। ਜਦੋਂ ਉਹ 66ਵੇਂ ਮਿੰਟ ਵਿੱਚ ਬਦਲਵੇਂ ਖਿਡਾਰੀ ਵਜੋਂ ਮੈਦਾਨ ’ਤੇ ਉਤਰਿਆ ਤਾਂ ਉਸ ਦੇ ਆਉਣ ਦੇ 23 ਸਕਿੰਟਾਂ ਦੇ ਅੰਦਰ ਹੀ ਬੈਲਜੀਅਮ ਨੂੰ ਬਰਾਬਰੀ ਮਿਲ ਗਈ। ਲੁਕਾਕੂ ਦੇ ਇੱਕ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਮਿਸਰ ਦੇ ਡਿਫੈਂਡਰ ਮੁਹੰਮਦ ਹਨੀ ਕੋਲੋਂ ਆਤਮਘਾਤੀ ਗੋਲ ਹੋ ਗਿਆ।
ਬਾਲ ’ਤੇ ਕਬਜ਼ਾ ਹੋਣ ਦੇ ਬਾਵਜੂਦ ਬੈਲਜੀਅਮ ਦੀ ਟੀਮ ਗੋਲ ਕਰਨ ਲਈ ਜੂਝਦੀ ਨਜ਼ਰ ਆਈ। ਪਹਿਲੇ ਹਾਫ ਵਿੱਚ ਡੀ ਬਰੂਇਨ ਦਾ ਸ਼ਾਟ ਗੋਲਪੋਸਟ ਨਾਲ ਟਕਰਾ ਕੇ ਵਾਪਸ ਆ ਗਿਆ ਅਤੇ ਆਖ਼ਰੀ ਮਿੰਟਾਂ ਵਿੱਚ ਲੁਕਾਕੂ ਦਾ ਹੈਡਰ ਵੀ ਗੋਲਪੋਸਟ ਦੇ ਉੱਪਰੋਂ ਲੰਘ ਗਿਆ। ਬੈਲਜੀਅਮ ਦੇ ਕੋਚ ਰੂਡੀ ਗਾਰਸੀਆ ਨੇ ਕਿਹਾ ਕਿ ਟੀਮ ਲੈਅ ਵਿੱਚ ਨਹੀਂ ਸੀ। ਦੂਜੇ ਪਾਸੇ, ਮਿਸਰ ਦੇ ਕੋਚ ਹੋਸਾਮ ਹਸਨ ਮੁਤਾਬਕ ਉਨ੍ਹਾਂ ਦੀ ਟੀਮ ਜਿੱਤ ਦੇ ਕਾਫੀ ਨਜ਼ਦੀਕ ਸੀ। ਇਸ ਮੈਚ ਨੇ ਸਾਫ਼ ਕਰ ਦਿੱਤਾ ਹੈ ਕਿ ਬੈਲਜੀਅਮ ਅਜੇ ਵੀ ਆਪਣੇ ਸੀਨੀਅਰ ਮਾਹਿਰ ਖਿਡਾਰੀਆਂ ’ਤੇ ਕਾਫ਼ੀ ਜ਼ਿਆਦਾ ਨਿਰਭਰ ਹੈ।

