Auckland hockey tournament: ਹਾਕੀ ਨੇਸ਼ਨਜ਼ ਕੱਪ: ਭਾਰਤੀ ਮਹਿਲਾ ਟੀਮ ਸੈਮੀ ਫਾਈਨਲ ’ਚ

Auckland hockey tournament: ਹਾਕੀ ਨੇਸ਼ਨਜ਼ ਕੱਪ: ਭਾਰਤੀ ਮਹਿਲਾ ਟੀਮ ਸੈਮੀ ਫਾਈਨਲ ’ਚ

ਆਕਲੈਂਡ : ਕਪਤਾਨ ਸਲੀਮਾ ਟੇਟੇ ਅਤੇ ਲਾਲਰੇਮਸਿਆਮੀ ਦੇ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਜਪਾਨ ਨੂੰ 2-1 ਨਾਲ ਹਰਾ ਕੇ ਐੱਫ ਆਈ ਐੱਚ ਨੇਸ਼ਨਜ਼ ਕੱਪ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੂਰਨਾਮੈਂਟ ਵਿੱਚ ਇਹ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਨੂੰ ਹਰਾਇਆ ਸੀ। ਇਸ ਟੂਰਨਾਮੈਂਟ ਦੀ ਜੇਤੂ ਟੀਮ ਅਗਲੇ ਸੀਜ਼ਨ ਵਿੱਚ ਐੱਫ ਆਈ ਐੱਚ ਪ੍ਰੋ ਲੀਗ ਵਿੱਚ ਖੇਡੇਗੀ।

ਭਾਰਤੀ ਟੀਮ ਪਿਛਲੇ ਸੀਜ਼ਨ ਵਿੱਚ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਸੀ। ਲਗਾਤਾਰ ਦੂਜੀ ਜਿੱਤ ਨਾਲ ਭਾਰਤ ਦੇ ਛੇ ਅੰਕ ਹੋ ਗਏ ਹਨ ਅਤੇ ਉਸ ਨੇ ਆਖ਼ਰੀ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ ਦੇ ਪਹਿਲੇ ਹਾਫ ਵਿੱਚ ਦੋਵਾਂ ਟੀਮਾਂ ਵਿਚਾਲੇ ਕਾਫ਼ੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਦੋਵਾਂ ਟੀਮਾਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ, ਪਰ ਹਾਫ ਤੱਕ ਕੋਈ ਵੀ ਇਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਤੀਜੇ ਕੁਆਰਟਰ ਵਿੱਚ ਭਾਰਤ ਨੇ ਸਲੀਮਾ ਟੇਟੇ ਦੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਨਾਲ ਲੀਡ ਹਾਸਲ ਕੀਤੀ। ਭਾਰਤ ਦੀ ਇਹ ਖ਼ੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਟਿਕੀ ਅਤੇ ਜਪਾਨ ਨੇ ਦੋ ਮਿੰਟ ਬਾਅਦ ਹੀ 35ਵੇਂ ਮਿੰਟ ਵਿੱਚ ਐਈ ਹਿਰਮਿਤਸੂ ਦੇ ਗੋਲ ਸਦਕਾ ਸਕੋਰ 1-1 ਨਾਲ ਬਰਾਬਰ ਕਰ ਲਿਆ। ਆਖ਼ਰੀ ਕੁਆਰਟਰ ਵਿੱਚ ਲਾਲਰੇਮਸਿਆਮੀ ਨੇ 49ਵੇਂ ਮਿੰਟ ਵਿੱਚ ਭਾਰਤ ਲਈ ਦੂਜਾ ਗੋਲ ਦਾਗ਼ਿਆ, ਜੋ ਆਖ਼ਰਕਾਰ ਫ਼ੈਸਲਾਕੁੰਨ ਸਾਬਤ ਹੋਇਆ। ਇਹ ਮੈਚ ਮਿਡਫੀਲਡਰ ਜਯੋਤੀ ਲਈ ਕਾਫ਼ੀ ਯਾਦਗਾਰ ਰਿਹਾ, ਜਿਸ ਨੇ ਸੀਨੀਅਰ ਪੱਧਰ ’ਤੇ ਆਪਣਾ 100ਵਾਂ ਕੌਮਾਂਤਰੀ ਮੈਚ ਖੇਡਿਆ। ਹੁਣ ਭਾਰਤੀ ਟੀਮ ਪੂਲ ‘ਏ’ ਦੇ ਆਪਣੇ ਆਖ਼ਰੀ ਮੈਚ ਵਿੱਚ ਉਰੂਗਏ ਦਾ ਸਾਹਮਣਾ ਕਰੇਗੀ, ਜਦੋਂਕਿ ਜਪਾਨ ਅਤੇ ਅਮਰੀਕਾ ਇਸੇ ਗਰੁੱਪ ਤੋਂ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਭਿੜਨਗੇ।

Share: