ਵਾਸ਼ਿੰਗਟਨ/ਇਸਲਾਮਾਬਾਦ : ਰਾਸ਼ਟਰਪਤੀ Donald Trump ਨੇ ਐਲਾਨ ਕੀਤਾ ਹੈ ਕਿ ਅਮਰੀਕਾ ਤੇ ਇਰਾਨ ਨੇ 107 ਦਿਨ ਪੁਰਾਣੀ ਜੰਗ ਖ਼ਤਮ ਕਰਨ ਲਈ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਸੋਮਵਾਰ ਨੂੰ ਮੀਡੀਆ ਇੰਟਰਵਿਊਜ਼ ਵਿੱਚ ਕਿਹਾ ਕਿ ਸਮਝੌਤੇ ’ਤੇ ਐਤਵਾਰ ਨੂੰ ਡਿਜੀਟਲ ਦਸਤਖ਼ਤ ਹੋ ਗਏ ਹਨ ਤੇ ਸਮਝੌਤੇ ਦਾ ਖਰੜਾ ਇਸ ਹਫ਼ਤੇ ਜਨਤਕ ਕਰ ਦਿੱਤਾ ਜਾਵੇਗਾ। ਇੰਟਰਵਿਊ ਦੌਰਾਨ ਹੀ ਟਰੰਪ ਨੇ ਪਰਮਾਣੂ ਸ਼ਰਤਾਂ ਨਾ ਮੰਨਣ ਦੀ ਸੂਰਤ ’ਚ ਤਹਿਰਾਨ ਉੱਤੇ ਫੌਜੀ ਹਮਲੇ ਮੁੜ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਉੱਧਰ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਸ਼ਾਹਬਾਜ਼ ਸ਼ਰੀਫ਼ ਮੁਤਾਬਕ ਸ਼ਾਂਤੀ ਸਮਝੌਤਾ 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਸਹੀਬੰਦ ਕੀਤਾ ਜਾਣਾ ਹੈ। ਉਨ੍ਹਾਂ ਇਹ ਦਾਅਵਾ ਸੋਸ਼ਲ ਮੀਡੀਆ ਪੋਸਟ ’ਚ ਕੀਤਾ, ਜੋ ਅੱਗੇ ਟਰੰਪ, ਉਪ ਰਾਸ਼ਟਰਪਤੀ ਜੇ ਡੀ ਵੈਂਸ, ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਤੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੂੰ ਵੀ ਟੈਗ ਕੀਤੀ। ਉੱਧਰ, ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਸਿਮ ਗਰੀਬਾਬਾਦੀ ਨੇ ਵੀ ਸਰਕਾਰੀ ਟੈਲੀਵਿਜ਼ਨ ਉੱਤੇ ਸਮਝੌਤੇ ਦੀ ਪੁਸ਼ਟੀ ਕੀਤੀ, ਪਰ ਨਾਲ ਹੀ ਕਿਹਾ ਕਿ ਸ਼ੁੱਕਰਵਾਰ ਨੂੰ ਸਮਝੌਤਾ ਸਹੀਬੰਦ ਹੋਣ ਤੋਂ ਬਾਅਦ ਹੀ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇਗਾ।
ਟਰੰਪ ਨੇ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ, ‘‘ਇਰਾਨ ਦੇ ਇਸਲਾਮਿਕ ਗਣਰਾਜ ਨਾਲ ਸਮਝੌਤਾ ਹੁਣ ਪੂਰਾ ਹੋ ਗਿਆ ਹੈ… ਸਾਰਿਆਂ ਨੂੰ ਵਧਾਈ।’’ ਅਮਰੀਕੀ ਸਦਰ ਨੇ ਕਿਹਾ ਕਿ ਇਸ ਸਮਝੌਤੇ ਨਾਲ ਹਰਮੁਜ਼ ਜਲਮਾਰਗ ਮੁੜ ਖੁੱਲ੍ਹੇਗਾ ਤੇ ਅਮਰੀਕੀ ਜਲ ਸੈਨਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਕੀਤੀ ਨਾਕੇਬੰਦੀ ਖੁੱਲੇਗੀ। ਉਨ੍ਹਾਂ ਕਿਹਾ, ‘‘ਮੈਂ ਹਰਮੁਜ਼ ਜਲਮਾਰਗ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਖੋਲ੍ਹਣ ਅਤੇ ਨਾਲ ਹੀ ਅਮਰੀਕੀ ਜਲ ਸੈਨਾ ਵੱਲੋਂ ਕੀਤੀ ਨਾਕੇਬੰਦੀ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ। ਦੁਨੀਆ ਭਰ ਦੇ ਜਹਾਜ਼ੋ ਆਪਣੇ ਇੰਜਣ ਚਾਲੂ ਕਰੋ। ਤੇਲ ਨੂੰ ਵਹਿਣ ਦਿਓ।’’ ਟਰੰਪ ਨੇ ਅਗਲੀ ਪੋਸਟ ਵਿੱਚ ਕਿਹਾ ਕਿ ਸ਼ਾਂਤੀ ਸਮਝੌਤਾ ਆਉਂਦੇ ਸ਼ੁੱਕਰਵਾਰ (19 ਜੂਨ) ਨੂੰ ਅਧਿਕਾਰਤ ਤੌਰ ’ਤੇ ਸਹੀਬੰਦ ਹੋਣ ਮਗਰੋਂ ਹਰਮੁਜ਼ ਜਲਮਾਰਗ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ, ‘‘ਇਹ ਸ਼ਾਨਦਾਰ ਸਮਝੌਤਾ ਪੂਰੇ ਖੇਤਰ ਵਿੱਚ ਸ਼ਾਂਤੀ ਤੇ ਸੁਰੱਖਿਆ ਲਿਆਏਗਾ। ਮੇਰੇ ਤੋਂ ਪਹਿਲਾਂ ਕਈ ਰਾਸ਼ਟਰਪਤੀਆਂ ਨੇ ਇਰਾਨ ਨਾਲ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਰੇ ਨਾਕਾਮ ਰਹੇ। ਇਸ ਖੇਤਰ ਦੇ ਲੋਕਾਂ ਨੂੰ ਪਹਿਲੀ ਵਾਰ ਅਜਿਹਾ ਰਾਸ਼ਟਰਪਤੀ ਮਿਲਿਆ ਹੈ, ਜੋ ਉਨ੍ਹਾਂ ਨੂੰ ਅਸਲ ਸ਼ਾਂਤੀ ਹਾਸਲ ਕਰਨ ਵਿੱਚ ਮਦਦ ਕਰ ਸਕਦਾ ਹੇ। ਸ਼ੁੱਕਰਵਾਰ ਨੂੰ ਸਮਝੌਤਾ ਸਹੀਬੰਦ ਹੋਣ ਮਗਰੋਂ ਬਾਰੂਦੀ ਸੁਰੰਗਾਂ ਹਟਾਉਣ ਦੇ ਮਕਸਦ ਨਾਲ ਹਰਮੁਜ਼ ਜਲਮਾਰਗ ਖੁੱਲ੍ਹਣ ਨਾਲ ਇਸ ਖੇਤਰ ਤੇ ਕੁੱਲ ਆਲਮ ਲਈ ਦੋਵਾਂ ਪਾਸਿਆਂ ਤੋਂ ਤੇਲ ਦੀ ਸਪਲਾਈ ਸ਼ੁਰੂ ਹੋ ਜਾਵੇਗੀ।’’ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਵੀ ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ ਇਰਾਨ ਨਾਲ ਸ਼ਾਂਤੀ ਸਮਝੌਤੇ ਨੂੰ ‘ਅਮਰੀਕਾ ਲਈ ਵੱਡਾ ਪਲ’ ਦੱਸਿਆ ਹੈ।

