Noida International Airport ਤੋਂ ਵਪਾਰਕ ਉਡਾਣਾਂ ਸ਼ੁਰੂ; ਲਖਨਊ ਤੋਂ ਪਹਿਲੀ ‘ਇੰਡੀਗੋ’ ਫਲਾਈਟ ਪਹੁੰਚੀ

Noida International Airport ਤੋਂ ਵਪਾਰਕ ਉਡਾਣਾਂ ਸ਼ੁਰੂ; ਲਖਨਊ ਤੋਂ ਪਹਿਲੀ ‘ਇੰਡੀਗੋ’ ਫਲਾਈਟ ਪਹੁੰਚੀ

ਚੰਡੀਗੜ੍ਹ :  ਉੱਤਰ ਪ੍ਰਦੇਸ਼ ਵਿੱਚ ਹਵਾਈ ਸੰਪਰਕ ਦੇ ਖੇਤਰ ਵਿੱਚ ਅੱਜ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਜੇਵਰ ਵਿਖੇ ਨਵੇਂ ਬਣੇ ਨੋਇਡਾ ਕੌਮਾਂਤਰੀ ਏਅਰਪੋਰਟ ਤੋਂ ਸੋਮਵਾਰ ਨੂੰ ਵਪਾਰਕ ਉਡਾਣਾਂ ਦੀ ਰਸਮੀ ਸ਼ੁਰੂਆਤ ਹੋ ਗਈ। ਇਸ ਇਤਿਹਾਸਕ ਮੌਕੇ ’ਤੇ ਇੰਡੀਗੋ ਦੀ ਪਹਿਲੀ ਨਿਯਮਤ ਫਲਾਈਟ (6E-2278) ਲਖਨਊ ਦੇ ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰ ਕੇ ਨੋਇਡਾ ਪਹੁੰਚੀ, ਜਿੱਥੋਂ ਉਹ ਅੱਗੇ ਬੈਂਗਲੁਰੂ ਲਈ ਰਵਾਨਾ ਹੋਈ। ਇਸ ਨਵੇਂ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਪੱਛਮੀ ਉੱਤਰ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦਾ ਸਫ਼ਰ ਹੁਣ ਬੇਹੱਦ ਆਸਾਨ ਹੋ ਜਾਵੇਗਾ।

ਇਸ ਨਵੇਂ ਹਵਾਈ ਅੱਡੇ ਤੋਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਯਾਤਰੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਦਿੱਲੀ ਦੇ ਏਅਰਪੋਰਟ ਪਹੁੰਚਣ ਲਈ ਲੰਮੇ ਸਮੇਂ ਦੀ ਖ਼ੱਜਲ-ਖ਼ੁਆਰੀ ਅਤੇ ਭਾਰੀ ਟਰੈਫਿਕ ਜਾਮ ਤੋਂ ਮੁਕਤੀ ਮਿਲ ਗਈ ਹੈ। ਬੈਂਗਲੁਰੂ ਜਾ ਰਹੇ ਇੱਕ ਯਾਤਰੀ ਨੇ ਕਿਹਾ, “ਮੈਂ ਨੋਇਡਾ ਏਅਰਪੋਰਟ ਤੋਂ ਪਹਿਲੀ ਵਾਰ ਸਫ਼ਰ ਕਰ ਰਿਹਾ ਹਾਂ। ਦਿੱਲੀ ਹਵਾਈ ਅੱਡੇ ਵਾਂਗ ਇੱਥੇ ਆਉਂਦੇ ਸਮੇਂ ਮੈਨੂੰ ਰਸਤੇ ਵਿੱਚ ਕੋਈ ਜਾਮ ਨਹੀਂ ਮਿਲਿਆ। ਇਹ ਏਅਰਪੋਰਟ ਬਹੁਤ ਹੀ ਆਧੁਨਿਕ ਅਤੇ ਵਿਸ਼ਵ ਪੱਧਰੀ ਬਣਿਆ ਹੈ।”

ਦੇਸ਼ ਦੇ ਵਿਕਾਸ ’ਚ ਭਾਈਵਾਲ ਬਣੇ ਕਿਸਾਨ

ਇਸ ਪ੍ਰੋਜੈਕਟ ਲਈ ਆਪਣੀਆਂ ਜੱਦੀ ਜ਼ਮੀਨਾਂ ਦੇਣ ਵਾਲੇ ਸਥਾਨਕ ਕਿਸਾਨਾਂ ਦੇ ਚਿਹਰਿਆਂ ‘ਤੇ ਵੀ ਵੱਖਰੀ ਹੀ ਰੌਣਕ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਵਿਕਾਸ ਵਿੱਚ ਭਾਈਵਾਲ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਅਤੇ ਇਸ ਹਵਾਈ ਅੱਡੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਰੁਜ਼ਗਾਰ ਦੇ ਵੱਡੇ ਹੌਕੇ ਪੈਦਾ ਹੋਣਗੇ। ਇਸ ਇਤਿਹਾਸਕ ਦਿਨ ਨੂੰ ਯਾਦਗਾਰੀ ਬਣਾਉਣ ਲਈ ਜੇਵਰ ਖੇਤਰ ਦੇ ਕਰੀਬ 170 ਕਿਸਾਨ, ਜਿਨ੍ਹਾਂ ਵਿੱਚ 20 ਮਹਿਲਾਵਾਂ ਵੀ ਸ਼ਾਮਲ ਹਨ, ਅੱਜ ਵਿਸ਼ੇਸ਼ ਉਡਾਣ ਰਾਹੀਂ ਲਖਨਊ ਲਈ ਰਵਾਨਾ ਹੋਏ। ਜੇਵਰ ਦੇ ਵਿਧਾਇਕ ਧੀਰੇਂਦਰ ਸਿੰਘ ਦੀ ਅਗਵਾਈ ਵਿੱਚ ਇਹ ਵਫ਼ਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕਰੇਗਾ ਅਤੇ ਇਸ ਵਿਕਾਸ ਕਾਰਜ ਲਈ ਉਨ੍ਹਾਂ ਦਾ ਧੰਨਵਾਦ ਕਰੇਗਾ। ਮਾਹਰਾਂ ਮੁਤਾਬਕ, ਨੋਇਡਾ ਏਅਰਪੋਰਟ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦਾ ਇੱਕ ਵੱਡਾ ਐਵੀਏਸ਼ਨ ਅਤੇ ਲੌਜਿਸਟਿਕਸ ਹੱਬ ਬਣ ਕੇ ਉੱਭਰੇਗਾ, ਜਿਸ ਨਾਲ ਖੇਤਰੀ ਆਰਥਿਕਤਾ ਨੂੰ ਵੱਡੀ ਗਤੀ ਮਿਲੇਗੀ।

Share: