Punjab voter list revision: ਪੰਜਾਬ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅੱਜ ਤੋਂ

Punjab voter list revision: ਪੰਜਾਬ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅੱਜ ਤੋਂ

ਚੰਡੀਗੜ੍ਹ : ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦਾ ਅਮਲ ਭਲਕੇ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਸਿਆਸੀ ਤੌਖਲਿਆਂ ਦਰਮਿਆਨ ਵਿਸ਼ੇਸ਼ ਸੁਧਾਈ ਦੀ ਮਸ਼ਕ ਪਹਿਲੀ ਅਕਤੂਬਰ ਤੱਕ ਚੱਲੇਗੀ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਪਹਿਲੀ ਅਕਤੂਬਰ ਨੂੰ ਹੋਵੇਗੀ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵਿਸ਼ੇਸ਼ ਸੁਧਾਈ ਬਾਰੇ ਸ਼ੰਕੇ ਤਾਂ ਖੜ੍ਹੇ ਕੀਤੇ ਹਨ ਪਰ ਪੱਛਮੀ ਬੰਗਾਲ ਵਾਂਗ ਕੋਈ ਵੱਡਾ ਰਾਜਸੀ ਹੰਗਾਮਾ ਪੰਜਾਬ ’ਚ ਕਿਧਰੇ ਨਹੀਂ ਹੈ। ਵੋਟਰ ਸੂਚੀਆਂ ਦੀ ਮੈਪਿੰਗ ਦਾ ਕੰਮ 86 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ।ਚੋਣ ਕਮਿਸ਼ਨ ਵੱਲੋਂ ਤੀਜੇ ਪੜਾਅ ਤਹਿਤ ਜਾਰੀ ਪ੍ਰੋਗਰਾਮ ਅਨੁਸਾਰ ਭਲਕੇ 15 ਜੂਨ ਤੋਂ 24 ਜੂਨ ਤੱਕ ਪੰਜਾਬ ਭਰ ’ਚ ਟਰੇਨਿੰਗ, ਤਿਆਰੀ ਅਤੇ ਸੁਧਾਈ ਤੋਂ ਪਹਿਲਾਂ ਵਾਲੇ ਰਸਮੀ ਕੰਮਕਾਰ ਚੱਲਣਗੇ ਅਤੇ 25 ਜੂਨ ਤੋਂ ਬੂਥ ਲੈਵਲ ਅਫਸਰ (ਬੀ ਐੱਲ ਓ’ਜ਼) ਘਰੋ-ਘਰੀ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਜਾਂਚ ਦਾ ਕੰਮ 24 ਜੁਲਾਈ ਨੂੰ ਸਮਾਪਤ ਹੋਵੇਗਾ, 31 ਜੁਲਾਈ ਨੂੰ ਡਰਾਫ਼ਟ ਵੋਟਰ ਸੂਚੀ ਜਾਰੀ ਹੋਵੇਗੀ ਅਤੇ 28 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਸੁਣ ਕੇ ਨਿਬੇੜਾ ਕੀਤਾ ਜਾਵੇਗਾ। ਪਹਿਲੀ ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ। ਕਰੀਬ 22 ਸਾਲ ਮਗਰੋਂ ਵਿਸ਼ੇਸ਼ ਸੁਧਾਈ ਹੋ ਰਹੀ ਹੈ।  ਪੰਜਾਬ ਵਿੱਚ 24,453 ਬੀ ਐੱਲ ਓ’ਜ਼ ਨੂੰ ਵਿਸ਼ੇਸ਼ ਸੁਧਾਈ ਲਈ ਤਾਇਨਾਤ ਕੀਤਾ ਗਿਆ ਹੈ ਅਤੇ 8547 ਬਲਾਕ ਲੈਵਲ ਏਜੰਟ ਲਗਾਏ ਜਾਣਗੇ। ਸਿਆਸੀ ਧਿਰਾਂ ਖ਼ਾਸ ਕਰ ਕੇ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਬਸਪਾ ਆਦਿ ਵੱਲੋਂ ਬਲਾਕ ਲੈਵਲ ਏਜੰਟ ਤਾਇਨਾਤ ਕੀਤੇ ਜਾਣਗੇ। ਪੰਜਾਬ ਦੇ 2,14,56,297 ਵੋਟਰਾਂ ਦੀ ਵਿਸ਼ੇਸ਼ ਸੁਧਾਈ ਲਈ 2500 ਸੁਪਰਵਾਈਜ਼ਰ ਤਾਇਨਾਤ ਹੋਣਗੇ ਅਤੇ 936 ਚੋਣ ਅਫਸਰ 117 ਅਸੈਂਬਲੀ ਹਲਕਿਆਂ ’ਚ ਲੱਗਣਗੇ। ਜਿਨ੍ਹਾਂ ਅਸੈਂਬਲੀ ਹਲਕਿਆਂ ’ਚ ਦੂਸਰੇ ਸੂਬਿਆਂ ਦੇ ਜ਼ਿਆਦਾ ਬਾਸ਼ਿੰਦੇ ਹਨ, ਉਨ੍ਹਾਂ ਹਲਕਿਆਂ ’ਚ ਵੱਡੀ ਪੱਧਰ ’ਤੇ ਵੋਟ ਕੱਟੇ ਜਾਣ ਦਾ ਖ਼ਦਸ਼ਾ ਹੈ। ਵਿਦੇਸ਼ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਵੀ ਇਸ ਸੁਧਾਈ ਪ੍ਰੋਗਰਾਮ ਦੌਰਾਨ ਵੋਟਰ ਸੂਚੀਆਂ ’ਚੋਂ ਆਊਟ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪੰਜਾਬ ’ਚ ਸੁਧਾਈ ਪ੍ਰੋਗਰਾਮ ਜ਼ਰੀਏ ਯੋਗ ਵੋਟਰਾਂ ਨਾਲ ਕੋਈ ਜ਼ਿਆਦਤੀ ਕਰਨੀ ਸੌਖੀ ਨਹੀਂ, ਆਮ ਆਦਮੀ ਪਾਰਟੀ ਸਮੁੱਚੇ ਅਮਲ ’ਤੇ ਨਜ਼ਰ ਰੱਖੇਗੀ। ਵਿਰੋਧੀ ਧਿਰਾਂ ਵੀ ਇਸੇ ਤਰ੍ਹਾਂ ਦਾ ਖ਼ਦਸ਼ਾ ਜ਼ਾਹਿਰ ਕਰ ਚੁੱਕੀਆਂ ਹਨ।

2003 ਦੀਆਂ ਵੋਟਰ ਸੂਚੀਆਂ ਨੂੰ ਆਧਾਰ ਬਣਾਇਆ

ਪੰਜਾਬ ਵਿੱਚ ਸਾਲ 2003 ਦੀਆਂ ਵੋਟਰ ਸੂਚੀਆਂ ਨੂੰ ਆਧਾਰ ਬਣਾਇਆ ਗਿਆ ਹੈ। ਜੇ 2003 ਦੀ ਵੋਟਰ ਸੂਚੀ ’ਚ ਵੋਟਰ ਦਾ ਨਾਮ ਨਹੀਂ ਤਾਂ ਉਹ ਬੀ ਐੱਲ ਓ’ਜ਼ ਨੂੰ ਨਿਰਧਾਰਿਤ 12 ਤਰ੍ਹਾਂ ਦੇ ਦਸਤਾਵੇਜ਼ ’ਚੋਂ ਕੋਈ ਇੱਕ ਦਸਤਾਵੇਜ਼ ਸਬੂਤ ਵਜੋਂ ਦਿਖਾ ਸਕਦਾ ਹੈ। ਜੇ ਬਾਲਗ ਬੱਚੇ ਘਰ ਤੋਂ ਬਾਹਰ ਹਨ ਤਾਂ ਮਾਪੇ ਅਜਿਹਾ ਕਰ ਸਕਦੇ ਹਨ। ਜੇ ਘਰ ਬੰਦ ਹੈ ਤਾਂ ਬੀ ਐੱਲ ਓ ਫਾਰਮ ਘਰ ’ਚ ਸੁੱਟ ਕੇ ਆਵੇਗਾ ਅਤੇ ਤਿੰਨ ਵਾਰ ਘਰ ਜਾ ਕੇ ਫਾਰਮ ਨੂੰ ਕੁਲੈਕਟ ਕਰਨ ਦੀ ਕੋਸ਼ਿਸ਼ ਕਰੇਗਾ। ਨਵੇਂ ਵੋਟਰ ਨਿਰਧਾਰਿਤ ਫਾਰਮ ਤੋਂ ਇਲਾਵਾ ਫਾਰਮ-6 ਭਰ ਕੇ ਦੇਣਗੇ।

Share: