ਸਹਿਮਤੀ ਨਾਲ ਬਣਾਏ ਸਬੰਧਾਂ ਦੇ ਆਧਾਰ ’ਤੇ ਚਰਿੱਤਰ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ: Supreme Court

ਸਹਿਮਤੀ ਨਾਲ ਬਣਾਏ ਸਬੰਧਾਂ ਦੇ ਆਧਾਰ ’ਤੇ ਚਰਿੱਤਰ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ: Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਹਿਮ ਫ਼ੈਸਲੇ ਵਿੱਚ ਕਿਹਾ ਹੈ ਕਿ ਦੋ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧਾਂ ਨੂੰ ਉਸ ਸਬੰਧ ਵਿੱਚ ਸ਼ਾਮਲ ਵਿਅਕਤੀ ਦੇ ਚਰਿੱਤਰ ਬਾਰੇ ਕੋਈ ਮਾੜੀ ਜਾਂ ਉਲਟ ਰਾਏ ਬਣਾਉਣ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ। ਜਸਟਿਸ ਮਨਮੋਹਨ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਟਿੱਪਣੀ ਤਿਲੰਗਾਨਾ ਰਾਜ ਪੱਧਰੀ ਪੁਲੀਸ ਭਰਤੀ ਬੋਰਡ ਨੂੰ ਇੱਕ ਉਮੀਦਵਾਰ ਨੂੰ ਨਿਯੁਕਤ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕੀਤੀ। ਇਸ ਉਮੀਦਵਾਰ ਦੀ ਪੁਲੀਸ ਕਾਂਸਟੇਬਲ ਵਜੋਂ ਚੋਣ ਸਿਰਫ ਇਸ ਲਈ ਰੱਦ ਕਰ ਦਿੱਤੀ ਗਈ ਸੀ, ਕਿਉਂਕਿ ਉਹ ਅਸਫਲ ਪ੍ਰੇਮ ਸਬੰਧਾਂ ਵਿੱਚੋਂ ਪੈਦਾ ਹੋਏ ਅਪਰਾਧਿਕ ਮਾਮਲੇ ਵਿੱਚ ਨਾਮਜ਼ਦ ਸੀ। ਅਦਾਲਤ ਨੇ ਕਿਹਾ, ‘‘ਦੋ ਸਹਿਮਤ ਅਣਵਿਆਹੇ ਬਾਲਗਾਂ ਵਿਚਕਾਰ ਸਰੀਰਕ ਸਬੰਧ ਆਪਣੇ ਆਪ ਵਿੱਚ ਉਸ ਸਬੰਧ ’ਚ ਸ਼ਾਮਲ ਵਿਅਕਤੀ ਦੇ ਚਰਿੱਤਰ ’ਤੇ ਕੋਈ ਮਾੜਾ ਪ੍ਰਭਾਵ ਪਾਉਣ ਦਾ ਆਧਾਰ ਨਹੀਂ ਹੋ ਸਕਦੇ ਅਤੇ ਨਾ ਹੀ ਹੋਣੇ ਚਾਹੀਦੇ ਹਨ। ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਦੋ ਸਹਿਮਤ ਅਣਵਿਆਹੇ ਬਾਲਗਾਂ ਨੂੰ ਆਪਣੀ ਪਸੰਦ ਦੇ ਸਬੰਧ ਬਣਾਉਣ ਤੋਂ ਰੋਕਦਾ ਹੋਵੇ।’’ ਸਿਖਰਲੀ ਅਦਾਲਤ ਨੇ ਉਮੀਦਵਾਰ ਵੱਲੋਂ ਦਾਇਰ ਅਪੀਲ ਨੂੰ ਸਵੀਕਾਰ ਕਰ ਲਿਆ ਅਤੇ ਤਿਲੰਗਾਨਾ ਹਾਈ ਕੋਰਟ ਦੇ ਸਿੰਗਲ ਜੱਜ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ, ਜਿਸ ਵਿੱਚ ‘ਸਟਾਈਪੈਂਡਰੀ ਕੈਡੇਟ ਟਰੇਨੀ ਪੁਲੀਸ ਕਾਂਸਟੇਬਲ’ ਦੇ ਅਹੁਦੇ ਲਈ ਉਸ ਦੀ ਨਿਯੁਕਤੀ ’ਤੇ ਮੁੜ ਵਿਚਾਰ ਕਰਨ ਦਾ ਹੁਕਮ ਦਿੱਤਾ ਗਿਆ ਸੀ। ਤਿਲੰਗਾਨਾ ਰਾਜ ਪੱਧਰੀ ਪੁਲੀਸ ਭਰਤੀ ਬੋਰਡ ਨੇ ਉਸ ਦੀ ਨਿਯੁਕਤੀ ਨੂੰ ਇਸ ਆਧਾਰ ’ਤੇ ਰੱਦ ਕਰ ਦਿੱਤਾ ਸੀ ਕਿ 2014 ਵਿੱਚ ਉਸ ਖਿਲਾਫ ਦਰਜ ਕੀਤਾ ਗਿਆ ‘ਵਿਆਹ ਦਾ ਝਾਂਸਾ ਦੇ ਕੇ ਜਬਰਜਨਾਹ’ ਦਾ ਕੇਸ ਨੈਤਿਕ ਨਿਘਾਰ ਨੂੰ ਦਰਸਾਉਂਦਾ ਹੈ। ਇਹ ਕੇਸ ਇੱਕ ਗੁਆਂਢੀ ਨਾਲ ਪ੍ਰੇਮ ਸਬੰਧਾਂ ਕਾਰਨ ਹੋਇਆ ਸੀ।

Share: