ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦੀਆਂ ਫਾਈਲਾਂ ਜਨਤਕ ਹੋਣ: Khalra Mission

ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦੀਆਂ ਫਾਈਲਾਂ ਜਨਤਕ ਹੋਣ: Khalra Mission

ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਕਿਹਾ ਕਿ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲਾ ਹੋਏ ਨੂੰ 42 ਸਾਲ ਬੀਤ ਗਏ ਹਨ, ਪਰ ਅੱਜ ਤੱਕ ਨਾ ਫ਼ੌਜੀ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਹੋਈਆਂ ਹਨ ਅਤੇ ਨਾ ਕੋਈ ਨਿਰਪੱਖ ਪੜਤਾਲ ਹੋਈ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਪਲਾਸੌਰ, ਹਰਮਨਦੀਪ ਸਿੰਘ ਸਰਹਾਲੀ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਇਹ ਹਮਲਾ ਸਿੱਖੀ ਦੇ ਸਰਬੱਤ ਦੇ ਭਲੇ ਦੇ ਸੁਨੇਹੇ ’ਤੇ ਹਮਲਾ ਸੀ। ਇਸ ਵਿੱਚ ਕਥਿਤ ਤੌਰ ’ਤੇ ਕਈ ਸਿੱਖ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਨੇ ਗੁਪਤ ਮੀਟਿੰਗਾਂ ਕੀਤੀਆਂ ਅਤੇ ਫ਼ੌਜੀ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਅੱਜ 42 ਸਾਲ ਬਾਅਦ ਸਰਕਾਰ ਫ਼ੌਜੀ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਤੋਂ ਡਰਦੀ ਹੈ ਤਾਂ ਕਿ ਇਸ ਨਾਲ ਸਾਰੀਆਂ ਧਿਰਾਂ ਬੇਪਰਦ ਨਾ ਹੋ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 42 ਸਾਲ ਵਿੱਚ ਕੋਈ ਨਿਰਪੱਖ ਪੜਤਾਲੀਆ ਕਮਿਸ਼ਨ ਕਾਇਮ ਨਹੀਂ ਕਰਵਾ ਸਕੀ ਤਾਂ ਜੋ ਫ਼ੌਜੀ ਹਮਲੇ ਦਾ ਸੱਚ ਸਾਹਮਣੇ ਆ ਸਕੇ। ਅਕਾਲ ਤਖ਼ਤ ਤੋਂ ਫ਼ੌਜੀ ਹਮਲੇ ਦੀ ਪੜਤਾਲ ਅਤੇ ਫਾਈਲਾਂ ਜਨਤਕ ਕਰਨ ਦਾ ਐਲਾਨ ਨਾ ਹੋਣਾ ਚਿੰਤਾਜਨਕ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਫ਼ੌਜੀ ਹਮਲਾ ਕੀਤਾ ਜਾਂ ਕਰਵਾਇਆ, ਝੂਠੇ ਮੁਕਾਬਲੇ ਕਰਵਾਏ ਅਤੇ ਸਿੱਖਾਂ ਨੂੰ ਗ਼ੈਰ-ਕਾਨੂੰਨੀ ਬੰਦੀ ਬਣਾਇਆ, ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਹੋਣਾ ਚਾਹੀਦਾ ਹੈ।

Share: