ਭਾਰੀ ਗਰਮੀ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਸੜਕਾਂ ’ਤੇ ਕੱਢਿਆ ਮਾਰਚ

ਭਾਰੀ ਗਰਮੀ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਸੜਕਾਂ ’ਤੇ ਕੱਢਿਆ ਮਾਰਚ

ਵਿਨੀਪੈਗ : ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਸਾਲਾਨਾ ‘ਪ੍ਰਾਈਡ ਪਰੇਡ 2026’ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ। ਸ਼ਹਿਰ ਵਿੱਚ ਸਖ਼ਤ ਗਰਮੀ (ਹੀਟ ਵਾਰਨਿੰਗ) ਹੋਣ ਅਤੇ ਤਾਪਮਾਨ 32 ਤੋਂ 34 ਡਿੱਗਰੀ ਸੈਲਸੀਅਸ ਤੱਕ ਪਹੁੰਚਣ ਦੇ ਬਾਵਜੂਦ, ਲਗਪਗ 15 ਹਜ਼ਾਰ ਲੋਕਾਂ ਨੇ ਇਸ ਰੰਗਾਰੰਗ ਮਾਰਚ ਵਿੱਚ ਹਿੱਸਾ ਲਿਆ। ਰੰਗ-ਬਿਰੰਗੇ ਝੰਡਿਆਂ, ਨਾਚ ਅਤੇ ਸੰਗੀਤ ਨਾਲ ਭਰੇ ਇਸ ਸਮਾਗਮ ਵਿੱਚ ਪਰਿਵਾਰਾਂ, ਦੋਸਤਾਂ ਅਤੇ ਸਾਥੀਆਂ ਨੇ ਇਕੱਠੇ ਹੋ ਕੇ ਆਪਸੀ ਪਿਆਰ, ਸਵੀਕਾਰਤਾ ਅਤੇ ਸਮੂਹਕਤਾ ਦਾ ਸੁਨੇਹਾ ਦਿੱਤਾ। ਲੋਕਾਂ ਨੇ ਕਿਹਾ ਕਿ ਇਹ ਪਰੇਡ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਦੇ ਸੁਰੱਖਿਅਤ ਜਿਉਣ ਦਾ ਅਹਿਸਾਸ ਕਰਵਾਉਂਦੀ ਹੈ। ਇਹ ਪਰੇਡ 1987 ਤੋਂ ਚੱਲੀ ਆ ਰਹੀ ਇੱਕ ਰਿਵਾਇਤ ਹੈ, ਜੋ ਮੈਨੀਟੋਬਾ ਲੈਜਿਸਲੈਟਿਵ ਬਿਲਡਿੰਗ ਤੋਂ ਸ਼ੁਰੂ ਹੋ ਕੇ ‘ਦ ਫੋਰਕਸ’ (The Forks) ਇਲਾਕੇ ਤੱਕ ਗਈ। ਪ੍ਰਾਈਡ ਵਿਨੀਪੈਗ ਦੇ ਪ੍ਰਧਾਨ ਬੈਰੀ ਕਾਰਲੇਨਜ਼ਿਗ ਨੇ ਦੱਸਿਆ ਕਿ ਇਸ ਸਾਲ ਦੀ ਥੀਮ “Celebrate YOU” (ਆਪਣਾ ਜਸ਼ਨ ਮਨਾਓ) ਰੱਖੀ ਗਈ ਸੀ, ਜੋ 2SLGBTQ+ ਭਾਈਚਾਰੇ ਦੇ ਸਨਮਾਨ, ਆਜ਼ਾਦੀ ਅਤੇ ਸਮਾਨਤਾ ਦੀ ਗੱਲ ਕਰਦੀ ਹੈ। ਇਸ ਵਾਰ ਲੋਗੋ ਵਿੱਚ ਪਹਿਲੀ ਵਾਰ ਅੰਗਰੇਜ਼ੀ ਅਤੇ ਫਰਾਂਸੀਸੀ, ਦੋਵਾਂ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ। ਸਮਾਗਮ ਵਿੱਚ ਮੈਨੀਟੋਬਾ ਦੇ ਪ੍ਰੀਮੀਅਰ ਵਾਬ ਕਿਨੂ ਨੇ ਵੀ ਸ਼ਿਰਕਤ ਕੀਤੀ ਅਤੇ ਕਿਹਾ ਕਿ ‘ਪ੍ਰਾਈਡ’ ਸਿਰਫ਼ ਇੱਕ ਜਸ਼ਨ ਹੀ ਨਹੀਂ, ਬਲਕਿ ਹੱਕਾਂ ਲਈ ਇੱਕ ਰੋਸ ਅਤੇ ਪ੍ਰੋਟੈਸਟ ਦਾ ਪ੍ਰਤੀਕ ਵੀ ਹੈ। ਪਰੇਡ ਵਿੱਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਇਹ ਦਿਨ ਸਭ ਨੂੰ ਇਕੱਠਾ ਕਰਦਾ ਹੈ। ਬਾਹਰੋਂ ਆਈ ਇੱਕ ਮਹਿਲਾ ਸਟਾਰਮ ਨੋਵੈਕ ਨੇ ਕੈਨੇਡਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਦੇਸ਼ ਇਸ ਭਾਈਚਾਰੇ ਨੂੰ ਸਵੀਕਾਰ ਕਰਦਾ ਹੈ। ਉਸ ਨੇ ਟ੍ਰਾਂਸ ਲੋਕਾਂ ਲਈ ਸਿਹਤ ਸੇਵਾਵਾਂ ਸੌਖੀਆਂ ਬਣਾਉਣ ਲਈ ਮੈਨੀਟੋਬਾ ਦੀ ਸਿਹਤ ਮੰਤਰੀ ਉਜ਼ੋਮਾ ਅਸਾਗਵਾਰਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Share: