ਸੀਜੇਪੀ ਦੇ ਸੰਸਥਾਪਕ ਅਭੀਜੀਤ ਡਿਪਕੇ ਅੱਜ ਜੰਤਰ-ਮੰਤਰ ‘ਤੇ ਹੋਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਅੰਦੋਲਨ ਨੂੰ “ਪਿਆਰ ਅਤੇ ਸ਼ਾਂਤੀ” ਨਾਲ ਅੱਗੇ ਵਧਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ ਹੈ। ਸੰਸਥਾ ਨੇ ਪਹਿਲਾਂ ਹੀ ‘ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ’ ਦੀ ਇੱਕ ਸੂਚੀ ਜਾਰੀ ਕੀਤੀ ਸੀ ਅਤੇ ਪ੍ਰਦਰਸ਼ਨ ਵਾਲੀ ਥਾਂ ‘ਤੇ ਸ਼ਾਮਲ ਹੋਣ ਵਾਲਿਆਂ ਨੂੰ ਤਿਰੰਗਾ, ਇੱਕ ਕਿਤਾਬ ਅਤੇ ਫੁੱਲ ਨਾਲ ਲਿਆਉਣ ਦੀ ਅਪੀਲ ਕੀਤੀ ਸੀ। ਇਸ ਦੌਰਾਨ, ਸੀਜੇਪੀ ਦੇ ਸੰਸਥਾਪਕ ਅਭੀਜੀਤ ਡਿਪਕੇ ਭਾਰੀ ਪੁਲੀਸ ਤਾਇਨਾਤੀ ਦੇ ਵਿਚਕਾਰ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਗਏ ਹਨ। ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨਾਮੀ ਡਿਜੀਟਲ ਸੰਸਥਾ ਵੱਲੋਂ ਦਿੱਤੇ ਗਏ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਦਿੱਲੀ ਭਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਜਿਸ ਤਹਿਤ ਪੁਲੀਸ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ, ਸਰਹੱਦੀ ਪ੍ਰਵੇਸ਼ ਪੁਆਇੰਟਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ‘ਤੇ ਵਾਧੂ ਜਵਾਨ ਤਾਇਨਾਤ ਕੀਤੇ ਹਨ।
ਇਸ ਮਹੀਨੇ ਦੇ ਸ਼ੁਰੂ ਵਿੱਚ, ਸੀਜੇਪੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਸਮਰਥਕਾਂ ਅਤੇ ਵਿਦਿਆਰਥੀਆਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਅਤੇ ਉਹਨਾਂ ਨੇ ਸਮਰਥਕਾਂ ਨੂੰ 6 ਜੂਨ ਨੂੰ ਦਿੱਲੀ ਹਵਾਈ ਅੱਡੇ ‘ਤੇ ਇਕੱਠੇ ਹੋਣ ਲਈ ਵੀ ਕਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਪ੍ਰਸਤਾਵਿਤ ਪ੍ਰਦਰਸ਼ਨ ਲਈ ਇਜਾਜ਼ਤ ਮੰਗਣ ਵਾਲੀ ਕੋਈ ਰਸਮੀ ਬੇਨਤੀ ਨਹੀਂ ਮਿਲੀ ਹੈ, ਪਰ ਉਹ ਸੋਸ਼ਲ ਮੀਡੀਆ ਨਿਗਰਾਨੀ ਅਤੇ ਹੋਰ ਸਾਧਨਾਂ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਸੁਰੱਖਿਆ ਪ੍ਰਬੰਧ ਕਰ ਰਹੇ ਹਨ।
ਨਵੀਂ ਦਿੱਲੀ ਜ਼ਿਲ੍ਹੇ ਅਤੇ ਹੋਰ ਰਣਨੀਤਕ ਸਥਾਨਾਂ ‘ਤੇ ਸੁਰੱਖਿਆ ਦੇ ਰੋਕਥਾਮ ਉਪਾਵਾਂ ਵਜੋਂ 1,000 ਤੋਂ ਵੱਧ ਪੁਲੀਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਆਈਜੀਆਈ ਹਵਾਈ ਅੱਡੇ, ਪ੍ਰਮੁੱਖ ਰੇਲਵੇ ਸਟੇਸ਼ਨਾਂ, ਅੰਤਰ-ਰਾਜੀ ਬੱਸ ਟਰਮੀਨਲਾਂ ਅਤੇ ਗੁਆਂਢੀ ਰਾਜਾਂ ਨੂੰ ਦਿੱਲੀ ਨਾਲ ਜੋੜਨ ਵਾਲੇ ਸਰਹੱਦੀ ਪੁਆਇੰਟਾਂ ‘ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਪੁਲੀਸ ਟੀਮਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪ੍ਰਮੁੱਖ ਚੌਰਾਹਿਆਂ, ਬਾਜ਼ਾਰਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ‘ਤੇ ਵੀ ਤਾਇਨਾਤ ਕੀਤਾ ਗਿਆ ਹੈ।
