Marjane Satrapi Dies: ‘ਪਰਸੇਪੋਲਿਸ’ ਦੀ ਰਚਨਾਕਾਰ Marjane Satrapi ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ, ਦੁਨੀਆ ਨੂੰ ਸੁਣਾਈ ਸੀ ਇਰਾਨ ਦੀ ਕਹਾਣੀ

Marjane Satrapi Dies: ‘ਪਰਸੇਪੋਲਿਸ’ ਦੀ ਰਚਨਾਕਾਰ Marjane Satrapi ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ, ਦੁਨੀਆ ਨੂੰ ਸੁਣਾਈ ਸੀ ਇਰਾਨ ਦੀ ਕਹਾਣੀ

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਮਸ਼ਹੂਰ ਗ੍ਰਾਫਿਕ ਨਾਵਲਾਂ ਵਿੱਚੋਂ ਇੱਕ ‘ਪਰਸੇਪੋਲਿਸ’ (Persepolis) ਦੀ ਰਚਨਾਕਾਰ, ਪ੍ਰਸਿੱਧ ਲੇਖਿਕਾ ਅਤੇ ਫ਼ਿਲਮ ਨਿਰਮਾਤਾ ਮਾਰਜੇਨ ਸਤਰਪੀ (Marjane Satrapi) ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਬੇਬਾਕ ਲੇਖਣ ਅਤੇ ਕਲਾ ਰਾਹੀਂ ਇਰਾਨ ਦੀ ਸਿਆਸੀ ਤੇ ਸਮਾਜਿਕ ਸਥਿਤੀ ਨੂੰ ਵਿਸ਼ਵ ਪੱਧਰ ’ਤੇ ਉਜਾਗਰ ਕੀਤਾ ਸੀ। ਉਨ੍ਹਾਂ ਦੇ ਤੁਰ ਜਾਣ ਨਾਲ ਕੌਮਾਂਤਰੀ ਸਾਹਿਤਕ ਅਤੇ ਫ਼ਿਲਮੀ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਾਰਜੇਨ ਸਤਰਪੀ ਨੂੰ ਸਭ ਤੋਂ ਵੱਡੀ ਪਛਾਣ ਉਨ੍ਹਾਂ ਦੇ ਸਵੈ-ਜੀਵਨੀ ਮੂਲਕ ਗ੍ਰਾਫਿਕ ਨਾਵਲ ‘ਪਰਸੇਪੋਲਿਸ’ ਤੋਂ ਮਿਲੀ ਸੀ, ਜਿਸ ਵਿੱਚ ਉਨ੍ਹਾਂ ਨੇ ਇਰਾਨੀ ਕ੍ਰਾਂਤੀ (Islamic Revolution) ਦੌਰਾਨ ਆਪਣੇ ਬਚਪਨ ਅਤੇ ਜਵਾਨੀ ਦੇ ਦਿਨਾਂ ਦੇ ਹਾਲਾਤ ਅਤੇ ਸੰਘਰਸ਼ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਸੀ। ਬਾਅਦ ਵਿੱਚ ਇਸੇ ਨਾਵਲ ’ਤੇ ਅਧਾਰਿਤ ਇੱਕ ਐਨੀਮੇਟਡ ਫ਼ਿਲਮ ਵੀ ਬਣਾਈ ਗਈ, ਜਿਸ ਨੂੰ ਆਸਕਰ (Oscars) ਲਈ ਵੀ ਨਾਮਜ਼ਦ ਕੀਤਾ ਗਿਆ ਸੀ।

ਇਰਾਨ ਦੀ ਕਹਾਣੀ ਨੂੰ ਦੁਨੀਆ ਤੱਕ ਪਹੁੰਚਾਇਆ

ਸਤਰਪੀ ਨੇ ਆਪਣੀ ਕਲਾ ਦੇ ਜ਼ਰੀਏ ਦੁਨੀਆ ਨੂੰ ਇਹ ਦਿਖਾਇਆ ਕਿ ਇਰਾਨੀ ਕ੍ਰਾਂਤੀ ਦੇ ਦੌਰਾਨ ਉੱਥੋਂ ਦੇ ਆਮ ਲੋਕਾਂ, ਖ਼ਾਸ ਕਰਕੇ ਔਰਤਾਂ ਨੂੰ ਕਿਹੜੀਆਂ-ਕਿਹੜੀਆਂ ਪਾਬੰਦੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਇਸ ਰਚਨਾ ਨੂੰ ਵਿਸ਼ਵ ਭਰ ਦੇ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪਰਿਵਾਰਕ ਸੂਤਰਾਂ ਮੁਤਾਬਕ, ਮਾਰਜੇਨ ਸਤਰਪੀ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਹੋਈ ਆਪਣੇ ਪਤੀ ਮੈਟੀਆਸ ਰੀਪਾ ਦੀ ਮੌਤ ਤੋਂ ਬਾਅਦ ਲਗਾਤਾਰ ਡੂੰਘੇ ਭਾਵਨਾਤਮਕ ਸਦਮੇ ਅਤੇ ਉਦਾਸੀ ਵਿੱਚ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਵਿਸ਼ਵ ਭਰ ਦੇ ਪ੍ਰਸ਼ੰਸਕ, ਲੇਖਕ ਅਤੇ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ ਅਤੇ ਸਾਹਿਤਕ ਜਗਤ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰ ਰਹੀਆਂ ਹਨ।

Share: