ਸੋਸ਼ਲ ਮੀਡੀਆ ‘ਤੇ ਫਿਰਕੂ ਸਮੱਗਰੀ ਪੋਸਟ ਕਰਨ ਦੇ ਦੋਸ਼ ਵਿੱਚ ਸਾਬਕਾ ਕਾਂਗਰਸੀ ਆਗੂ ਗ੍ਰਿਫ਼ਤਾਰ

ਸੋਸ਼ਲ ਮੀਡੀਆ ‘ਤੇ ਫਿਰਕੂ ਸਮੱਗਰੀ ਪੋਸਟ ਕਰਨ ਦੇ ਦੋਸ਼ ਵਿੱਚ ਸਾਬਕਾ ਕਾਂਗਰਸੀ ਆਗੂ ਗ੍ਰਿਫ਼ਤਾਰ

ਸ਼ਿਮਲਾ : ਸਾਬਕਾ ਕਾਂਗਰਸੀ ਆਗੂ ਨੂੰ ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਸਮੱਗਰੀ ਅਪਲੋਡ ਕਰਨ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮੰਡੀ ਜ਼ਿਲ੍ਹੇ ਦੇ ਵਸਨੀਕ ਯੁੱਧਵੀਰ ਸਿੰਘ ਬੈਂਸ (54) ਵਜੋਂ ਹੋਈ ਹੈ। ਪੁਲੀਸ ਅਨੁਸਾਰ, ਉਸ ਨੂੰ ਸ਼ਿਕਾਇਤ ਮਿਲੀ ਸੀ ਕਿ ਯੁੱਧਵੀਰ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਵੀਡੀਓ ਅਪਲੋਡ ਕੀਤੀ ਹੈ, ਜਿਸ ਵਿੱਚ ਅਜਿਹੀ ਸਮੱਗਰੀ ਹੈ ਜੋ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿਚਕਾਰ ਤਰੇੜ ਪੈਦਾ ਕਰ ਸਕਦੀ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਵੀਡੀਓ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਦੇਖਿਆ ਜਾ ਰਿਹਾ ਸੀ ਅਤੇ ਇਸ ਵਿੱਚ ਇਲਾਕੇ ਵਿੱਚ ਕਾਨੂੰਨ ਵਿਵਸਥਾ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਸਮਰੱਥਾ ਸੀ।

ਰਿਪੋਰਟ ਦੀ ਪੁਸ਼ਟੀ ਕਰਦਿਆਂ ਸ਼ਿਮਲਾ ਦੇ ਸੀਨੀਅਰ ਪੁਲੀਸ ਕਪਤਾਨ (ਐੱਸਐੱਸਪੀ) ਗੌਰਵ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਪੁਲੀਸ ਨੇ ਪਾਇਆ ਕਿ ਮੁਲਜ਼ਮ ਨਿਯਮਿਤ ਤੌਰ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਅਪਲੋਡ ਕਰਦਾ ਹੈ, ਜਿਸ ਦੀ ਸਮੱਗਰੀ ਇਤਰਾਜ਼ਯੋਗ ਪਾਈ ਗਈ ਹੈ ਜੋ ਫਿਰਕੂ ਸਦਭਾਵਨਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਤਣਾਅ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਭਾਰਤੀ ਨਿਆ ਸੰਹਿਤਾ (ਬੀਐਨਐਸ), 2023 ਦੀਆਂ ਧਾਰਾਵਾਂ 196, 299 ਅਤੇ 353(2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਐੱਸਐੱਸਪੀ ਨੇ ਕਿਹਾ, “ਮੁਲਜ਼ਮ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਉਸ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ, ਸਗੋਂ ਉਸਨੇ ਪੁਲੀਸ ਮੁਲਾਜ਼ਮਾਂ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਜਾਂਚ ਵਿੱਚ ਰੁਕਾਵਟ ਆਈ। ਫਿਰ ਪੁਲੀਸ ਨੇ ਉਸਦੇ ਵਿਵਹਾਰ ਕਾਰਨ ਬੀਐਨਐਸ, 2023 ਦੀ ਧਾਰਾ 221 ਜੋੜ ਦਿੱਤੀ। ਤੱਥਾਂ ਅਤੇ ਜਾਂਚ ਦੇ ਆਧਾਰ ‘ਤੇ, ਮੁਲਜ਼ਮ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ।” ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

Share: