Malviya Nagar Fire: ਹੋਟਲ ਮਾਲਕ ਖ਼ਿਲਾਫ਼ ਗੈਰ-ਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਦੀ ਮਦਦ ਕਰਨ ਦੇ ਇਲਜ਼ਾਮ

Malviya Nagar Fire: ਹੋਟਲ ਮਾਲਕ ਖ਼ਿਲਾਫ਼ ਗੈਰ-ਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਦੀ ਮਦਦ ਕਰਨ ਦੇ ਇਲਜ਼ਾਮ

ਨਵੀਂ ਦਿੱਲੀ : ਦਿੱਲੀ ਦੇ ਮਾਲਵੀਆ ਨਗਰ ਸਥਿਤ ਜਿਸ ਹੋਟਲ ਵਿੱਚ ਹਾਲ ਹੀ ਵਿੱਚ ਲੱਗੀ ਭਿਆਨਕ ਅੱਗ ਕਾਰਨ 21 ਲੋਕਾਂ ਦੀ ਜਾਨ ਚਲੀ ਗਈ ਸੀ, ਉਸ ਦੇ ਮਾਲਕ ਲਵਕੇਸ਼ ਬਜਾਜ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਲਵਕੇਸ਼ ਬਜਾਜ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਪਹਿਲਾਂ ਹੀ ਗੈਰ-ਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਦੀ ਮਦਦ ਕਰਨ ਦੇ ਦੋਸ਼ ਹੇਠ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਇਨ੍ਹਾਂ ਪਰਵਾਸੀਆਂ ਨੇ ਕਥਿਤ ਤੌਰ ’ਤੇ ਬਜਾਜ ਦੇ ਰਿਹਾਇਸ਼ੀ ਪਤੇ ਦੀ ਵਰਤੋਂ ਕਰਕੇ ਭਾਰਤੀ ਪਛਾਣ ਪੱਤਰ ਹਾਸਲ ਕੀਤੇ ਸਨ। ਪੁਲੀਸ ਰਿਕਾਰਡ ਅਨੁਸਾਰ, ਜਨਵਰੀ 2025 ਵਿੱਚ ਪਹਾੜਗੰਜ ਥਾਣੇ ਵਿਖੇ ਦਰਜ ਕੀਤੇ ਇੱਕ ਮਾਮਲੇ ਵਿੱਚ ਪੁਲੀਸ ਨੇ ਦਿੱਲੀ ਅੰਦਰ ਧੋਖਾਧੜੀ ਨਾਲ ਤਿਆਰ ਕੀਤੇ ਭਾਰਤੀ ਦਸਤਾਵੇਜ਼ਾਂ ਦੇ ਸਹਾਰੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ।

ਜਾਂਚ ਦੌਰਾਨ ਪੁਲੀਸ ਨੇ ਦੋ ਬੰਗਲਾਦੇਸ਼ੀ ਔਰਤਾਂ ਸਵੀਟੀ ਸਰਕਾਰ ਉਰਫ਼ ਬਿਊਟੀ ਹਾਵਲਾਦਾਰ ਉਰਫ਼ ਜ਼ੋਹਰਾ ਖ਼ਾਤੂਨ ਅਤੇ ਉਸ ਦੀ ਧੀ ਪੁਸ਼ਪੋ ਸਰਕਾਰ ਉਰਫ਼ ਪੁਸਪੋ ਸਈਅਦਾ ਅਖ਼ਤਰ ਸਮੇਤ ਇੱਕ ਨਾਬਾਲਗ ਬੱਚੇ ਦੀ ਪਛਾਣ ਕੀਤੀ ਸੀ, ਜੋ ਜਾਅਲੀ ਭਾਰਤੀ ਪਛਾਣ ਪੱਤਰਾਂ, ਜਿਨ੍ਹਾਂ ਵਿੱਚ ਪਾਸਪੋਰਟ ਅਤੇ ਆਧਾਰ ਕਾਰਡ ਸ਼ਾਮਲ ਸਨ, ਦੇ ਸਹਾਰੇ ਪਹਾੜਗੰਜ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਸਨ। ਜਾਂਚਕਰਤਾਵਾਂ ਨੇ ਪਾਇਆ ਕਿ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਸਵੀਟੀ ਸਰਕਾਰ ਨੇ ਛੱਤਰਪੁਰ ਐਨਕਲੇਵ ਸਥਿਤ ਇੱਕ ਜਾਇਦਾਦ ਦੇ ਪਤੇ ਦੀ ਵਰਤੋਂ ਕਰਕੇ ਭਾਰਤੀ ਪਾਸਪੋਰਟ ਹਾਸਲ ਕੀਤਾ ਸੀ। ਜਦੋਂ ਇਸ ਪਤੇ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜਾਇਦਾਦ ਸਾਕੇਤ ਦੇ ਰਹਿਣ ਵਾਲੇ ਲਵਕੇਸ਼ ਬਜਾਜ ਦੀ ਸੀ। ਪੁੱਛਗਿੱਛ ਦੌਰਾਨ ਬਜਾਜ ਨੇ ਕਥਿਤ ਤੌਰ ’ਤੇ ਕਬੂਲ ਕੀਤਾ ਸੀ ਕਿ ਉਸਨੇ ਮੋਟੀ ਰਕਮ ਦੇ ਬਦਲੇ ਮੁਲਜ਼ਮਾਂ ਨੂੰ ਭਾਰਤੀ ਪਛਾਣ ਦਸਤਾਵੇਜ਼ ਬਣਵਾਉਣ ਲਈ ਜਾਣਬੁੱਝ ਕੇ ਆਪਣੇ ਪਤੇ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਪੁਲੀਸ ਨੇ ਨਤੀਜਾ ਕੱਢਿਆ ਕਿ ਉਸਨੇ ਸਰਕਾਰੀ ਦਸਤਾਵੇਜ਼ਾਂ ਲਈ ਪਤੇ ਦਾ ਸਬੂਤ (ਐਡਰੈੱਸ ਪਰੂਫ਼) ਮੁਹੱਈਆ ਕਰਵਾ ਕੇ ਭਾਰਤ ਵਿੱਚ ਉਨ੍ਹਾਂ ਦੇ ਗੈਰ-ਕਾਨੂੰਨੀ ਠਹਿਰਾਅ ਨੂੰ ਸੌਖਾ ਬਣਾਇਆ ਸੀ।

ਇਸ ਤੋਂ ਬਾਅਦ ਪੁਲੀਸ ਨੇ ਬਜਾਜ ਨੂੰ ਦੋਵਾਂ ਬੰਗਲਾਦੇਸ਼ੀ ਔਰਤਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ ਵਿੱਚ ਅਦਾਲਤ ਵਿੱਚ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਮਾਮਲੇ ਵਿੱਚ ਮਿਲੇ ਨਾਬਾਲਗ ਬੱਚੇ ਦੇ ਸਬੰਧ ਵਿੱਚ ਪੁਲੀਸ ਨੇ ਵੱਖਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ।

ਮਾਲਵੀਆ ਨਗਰ ਦੇ ਹੋਟਲ ਵਿੱਚ ਵਾਪਰੇ ਦਰਦਨਾਕ ਅਗਨਕਾਂਡ, ਜਿੱਥੇ ਜਾਂਚਕਰਤਾ ਪਹਿਲਾਂ ਹੀ ਅੱਗ ਸੁਰੱਖਿਆ ਨਿਯਮਾਂ ਅਤੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਦੀ ਜਾਂਚ ਕਰ ਰਹੇ ਹਨ, ਤੋਂ ਬਾਅਦ ਬਜਾਜ ਦੇ ਇਸ ਪੁਰਾਣੇ ਅਪਰਾਧਿਕ ਪਿਛੋਕੜ ਦੇ ਖੁਲਾਸੇ ਨੇ ਪ੍ਰਸ਼ਾਸਨ ਦਾ ਧਿਆਨ ਮੁੜ ਇਸ ਵੱਲ ਖਿੱਚਿਆ ਹੈ। ਅਧਿਕਾਰੀ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਕੀ ਨਿਯਮਾਂ ਦੀ ਅਣਦੇਖੀ ਕਾਰਨ ਹੀ ਦਿੱਲੀ ਦੇ ਇਸ ਸਭ ਤੋਂ ਭਿਆਨਕ ਅਗਨਕਾਂਡ ਵਿੱਚ ਇੰਨੀਆਂ ਕੀਮਤੀ ਜਾਨਾਂ ਗਈਆਂ।

ਜ਼ਿਕਰਯੋਗ ਹੈ ਕਿ ਇਹ ਅੱਗ ‘ਫਲੋਰਿਸ਼ ਸਟੇਅ ਬੀਐਂਡਬੀ’ (Flourish stay B&B) ਹੋਟਲ ਵਿੱਚ ਲੱਗੀ ਸੀ, ਜਿੱਥੇ ਜ਼ਿਆਦਾਤਰ ਵਿਦੇਸ਼ੀ ਮਰੀਜ਼ ਅਤੇ ਉਨ੍ਹਾਂ ਦੇ ਸੇਵਾਦਾਰ ਠਹਿਰਦੇ ਸਨ। ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਇਸ ਵੇਲੇ ਦਿੱਲੀ ਪੁਲੀਸ, ਦਿੱਲੀ ਫਾਇਰ ਸਰਵਿਸ ਅਤੇ ਨਗਰ ਨਿਗਮ ਸਮੇਤ ਕਈ ਏਜੰਸੀਆਂ ਇਸ ਮਾਮਲੇ ਦੀ ਸਮਾਨੰਤਰ ਜਾਂਚ ਕਰ ਰਹੀਆਂ ਹਨ।

Share: