ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਲਈ ਰਾਸ਼ਟਰਪਤੀ ਦਰੌਪਦੀ ਮੁਰਮੂ ਨਾਲ ਮੁਲਾਕਾਤ ਕਰਨ ਤੋਂ ਇੱਕ ਦਿਨ ਬਾਅਦ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਗਿਆਨੇਸ਼ ਕੁਮਾਰ ਜਾਣਗੇ, ਜਿਸ ਤੋਂ ਬਾਅਦ ਭਾਰਤੀ ਲੋਕਤੰਤਰ ਦੀ ਮੁਰੰਮਤ ਸ਼ੁਰੂ ਹੋਵੇਗੀ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਨੂੰ ਕਿਲ੍ਹੇ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਹਰ ਪਾਸੇ ਹਥਿਆਰਬੰਦ ਸੁਰੱਖਿਆ ਬਲ ਤਾਇਨਾਤ ਹਨ। “ਪ੍ਰਧਾਨ ਮੰਤਰੀ-ਗ੍ਰਹਿ ਮੰਤਰੀ ਦੀ ਜੋੜੀ ਉਨ੍ਹਾਂ ਨੌਜਵਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਤੋਂ ਬੇਹੱਦ ਘਬਰਾਈ ਹੋਈ ਅਤੇ ਬੌਖਲਾ ਗਈ ਹੈ, ਜੋ ਧਾਰਾ 326 ਦੁਆਰਾ ਗਾਰੰਟੀਸ਼ੁਦਾ ਵੋਟ ਪਾਉਣ ਦੇ ਆਪਣੇ ਸੰਵਿਧਾਨਕ ਅਧਿਕਾਰ ਦੀ ਯੋਜਨਾਬੱਧ ਚੋਰੀ ਨੂੰ ਲੈ ਕੇ ਡੂੰਘੇ ਚਿੰਤਤ ਹਨ। ਇਸ ਗੱਲ ਦੇ ਸਬੂਤ ਹਨ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਆਪਣੀ ਨਿਯੁਕਤੀ ਸਮੇਂ ਇਸ ਵਿਨਾਸ਼ਕਾਰੀ ਜੋੜੀ ਦੁਆਰਾ ਦਿੱਤੇ ਗਏ ਹੁਕਮਾਂ ਦੀ ਵਫ਼ਾਦਾਰੀ ਨਾਲ ਪਾਲਣਾ ਕੀਤੀ,” ਉਨ੍ਹਾਂ ਕਿਹਾ।
ਜੈਰਾਮ ਰਮੇਸ਼ ਨੇ ਕਿਹਾ ਕਿ ਦਸੰਬਰ 2023 ਵਿੱਚ ਉਨ੍ਹਾਂ ਨੂੰ ਉਮਰ ਭਰ ਦੀ ਛੋਟ (lifelong immunity) ਦੇਣ ਵਾਲਾ ਕਾਨੂੰਨ ਸੰਸਦ ਵਿੱਚ ਉਸ ਸਮੇਂ ਧੱਕੇ ਨਾਲ ਪਾਸ ਕੀਤਾ ਗਿਆ ਸੀ ਜਦੋਂ ਵਿਰੋਧੀ ਧਿਰ ਦੇ 145 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, “ਮੁੱਖ ਚੋਣ ਕਮਿਸ਼ਨਰ (CEC), ਜਿਨ੍ਹਾਂ ਨੇ ਸੁਪਰੀਮ ਕੋਰਟ ਨਾਲ ਵੀ ਝੂਠ ਬੋਲਿਆ ਹੈ, ਦਾ ਅਸਤੀਫ਼ਾ ਇੱਕ ਨੈਤਿਕ ਲੋੜ ਬਣ ਗਿਆ ਹੈ। ਪਰ ਇਹ ਸਾਡੇ ਲੋਕਤੰਤਰ ਦੀਆਂ ਬੁਨਿਆਦਾਂ ਨੂੰ ਮੁੜ ਪ੍ਰਾਪਤ ਕਰਨ ਦਾ ਸਿਰਫ਼ ਪਹਿਲਾ ਕਦਮ ਹੈ, ਜੋ ਸਾਰੇ ਲੋਕਾਂ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦੀਆਂ ਉਮੀਦਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਬਹੁਤ ਜ਼ਰੂਰੀ ਹੈ।’’
ਕਾਂਗਰਸ ਆਗੂ ਨੇ ਅੱਗੇ ਕਿਹਾ ਕਿ ਐੱਸ.ਆਈ.ਆਰ. (SIR) ਦੀ ਮੁਅੱਤਲੀ, ਜਿਸ ਨੇ ਪਹਿਲਾਂ ਹੀ ਲਗਪਗ 14 ਕਰੋੜ ਭਾਰਤੀਆਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ, ਸਾਡੀ ਚੋਣ ਪ੍ਰਣਾਲੀ ਵਿੱਚ ਜਨਤਾ ਦੇ ਵਿਸ਼ਵਾਸ ਅਤੇ ਭਰੋਸੇ ਨੂੰ ਬਹਾਲ ਕਰਨ ਲਈ ਬਹੁਤ ਜ਼ਰੂਰੀ ਹੈ।

