IPL 2026: ਰਜਤ ਪਾਟੀਦਾਰ ਦੀ ਸ਼ਾਨਦਾਰ ਪਾਰੀ ਸਦਕਾ ਆਰਸੀਬੀ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ

IPL 2026: ਰਜਤ ਪਾਟੀਦਾਰ ਦੀ ਸ਼ਾਨਦਾਰ ਪਾਰੀ ਸਦਕਾ ਆਰਸੀਬੀ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ

ਧਰਮਸ਼ਾਲਾ : ਕਪਤਾਨ ਰਜਤ ਪਾਟੀਦਾਰ ਦੀ ਮਹਿਜ਼ 33 ਗੇਂਦਾਂ ਵਿੱਚ 93 ਦੌੜਾਂ ਦੀ ਨਾਬਾਦ ਤੂਫ਼ਾਨੀ ਪਾਰੀ ਦੀ ਬਦੌਲਤ ਮੌਜੂਦਾ ਚੈਂਪੀਅਨ ਰੌਇਲ ਚੈਲੰਜਰਜ਼ ਬੰਗਲੁਰੂ (RCB) ਨੇ ਗੁਜਰਾਤ ਟਾਈਟਨਜ਼ (GT) ਨੂੰ 92 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ ਗੁਜਰਾਤ ਟਾਈਟਨਜ਼ ਦੇ ਪ੍ਰਬੰਧਕਾਂ ਵੱਲੋਂ ਟੀਮ ਦੀ ਚੋਣ ਵਿੱਚ ਕੀਤੀ ਗਈ ਇੱਕ ਵੱਡੀ ਗਲਤੀ ਦਾ ਪੂਰਾ ਫਾਇਦਾ ਉਠਾਇਆ ਅਤੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 254 ਦੌੜਾਂ ਬਣਾਈਆਂ। ਗੁਜਰਾਤ ਦੀ ਟੀਮ ਨੇ ਇੰਡੀਆ ‘ਏ’ ਵਿੱਚ ਚੁਣੇ ਗਏ ਪ੍ਰਤਿਭਾਸ਼ਾਲੀ ਗੇਂਦਬਾਜ਼ ਅਰਸ਼ਦ ਖਾਨ ਦੀ ਜਗ੍ਹਾ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਕੁਲਵੰਤ ਖੇਜਰੋਲੀਆ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਸੀ। ਆਰਸੀਬੀ ਦੇ ਕਪਤਾਨ ਪਾਟੀਦਾਰ ਨੇ ਇਸ ਦਾ ਫਾਇਦਾ ਚੁੱਕਦੇ ਹੋਏ ਖੇਜਰੋਲੀਆ ਦੇ ਇੱਕੋ ਓਵਰ ਵਿੱਚ 28 ਦੌੜਾਂ ਜੜ ਦਿੱਤੀਆਂ। ਪਾਟੀਦਾਰ ਨੇ ਆਪਣੀ ਇਸ ਸ਼ਾਨਦਾਰ ਪਾਰੀ ਵਿੱਚ 9 ਛੱਕੇ ਅਤੇ 5 ਚੌਕੇ ਲਗਾਏ। ਉਨ੍ਹਾਂ ਤੋਂ ਇਲਾਵਾ ਸੀਨੀਅਰ ਖਿਡਾਰੀ ਵਿਰਾਟ ਕੋਹਲੀ ਅਤੇ ਕਰੁਣਾਲ ਪਾਂਡਿਆ ਨੇ ਵੀ 43-43 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਗੁਜਰਾਤ ਵੱਲੋਂ ਗੇਂਦਬਾਜ਼ੀ ਕਰਦਿਆਂ ਜੇਸਨ ਹੋਲਡਰ ਨੇ 39 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

255 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੇ ਪਾਵਰਪਲੇਅ (ਪਹਿਲੇ 6 ਓਵਰਾਂ) ਦੇ ਅੰਦਰ ਹੀ ਆਪਣੇ 5 ਮੁੱਖ ਬੱਲੇਬਾਜ਼ ਗੁਆ ਦਿੱਤੇ, ਜਿਨ੍ਹਾਂ ਵਿੱਚ ਸਾਈ ਸੁਦਰਸ਼ਨ, ਕਪਤਾਨ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਵਰਗੇ ਸਟਾਰ ਖਿਡਾਰੀ ਸ਼ਾਮਲ ਸਨ। ਗੁਜਰਾਤ ਦੀ ਪੂਰੀ ਟੀਮ 19.3 ਓਵਰਾਂ ਵਿੱਚ ਮਹਿਜ਼ 162 ਦੌੜਾਂ ‘ਤੇ ਹੀ ਸਿਮਟ ਗਈ।

ਗੁਜਰਾਤ ਵੱਲੋਂ ਮੱਧ ਕ੍ਰਮ ਦੇ ਬੱਲੇਬਾਜ਼ ਰਾਹੁਲ ਤੇਵਤੀਆ ਨੇ 43 ਗੇਂਦਾਂ ਵਿੱਚ 68 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਆਰਸੀਬੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਜੈਕਬ ਡਫੀ ਨੇ 39 ਦੌੜਾਂ ਦੇ ਕੇ 3 ਵਿਕਟਾਂ, ਭੁਵਨੇਸ਼ਵਰ ਕੁਮਾਰ ਨੇ 28 ਦੌੜਾਂ ਦੇ ਕੇ 2 ਵਿਕਟਾਂ ਅਤੇ ਜੋਸ਼ ਹੇਜ਼ਲਵੁੱਡ ਨੇ 39 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

ਸੰਖੇਪ ਸਕੋਰ:

ਆਰਸੀਬੀ: 20 ਓਵਰਾਂ ਵਿੱਚ 254/5 (ਰਜਤ ਪਾਟੀਦਾਰ 93 ਨਾਬਾਦ, ਵਿਰਾਟ ਕੋਹਲੀ 43, ਕਰੁਣਾਲ ਪਾਂਡਿਆ 43; ਜੇਸਨ ਹੋਲਡਰ 2/39)

ਗੁਜਰਾਤ ਟਾਈਟਨਜ਼: 19.3 ਓਵਰਾਂ ਵਿੱਚ 162/10 (ਰਾਹੁਲ ਤੇਵਤੀਆ 68; ਜੈਕਬ ਡਫੀ 3/39, ਭੁਵਨੇਸ਼ਵਰ ਕੁਮਾਰ 2/28)

Share: