ਪੰਜਾਬ ਵਿੱਚ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਦੀ ਚੋਣ ਲਈ ਵੋਟਾਂ ਪੈਣੀਆਂ ਜਾਰੀ ਹਨ। ਮੌਸਮ ਗਰਮ ਹੋਣ ਕਰਕੇ ਵੱਡੀ ਗਿਣਤੀ ਲੋਕ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਗਏ ਹਨ। ਉਧਰ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸਥਾਨਕ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਦੁਪਹਿਰ 2 ਵਜੇ ਤੱਕ ਪੰਜਾਬ ਭਰ ਵਿੱਚ ਕੁੱਲ 45.60 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਰੀ ਪੁਲੀਸ ਫੋਰਸ ਵਲੋਂ ਸੜਕ ਉਪਰ ਰੋਕਾਂ ਲਗਾ ਕੇ ਧੂਰੀ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਬਿੱਟੂ ਅਤੇ ਪੁਲੀਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਹੋਈ। ਰਵਨੀਤ ਸਿੰਘ ਬਿੱਟੂ ਅੱਜ ਪੁਲੀਸ ਵਲੋਂ ਧੂਰੀ ਵਿਖੇ ਪਾਰਟੀ ਆਗੂ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਮਿਲਣ ਤੇ ਪੁੱਜੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹੋ ਰਹੀਆਂ ਸਥਾਨਕ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ’ਚ ਹਨ ਜਿਨ੍ਹਾਂ ਦੀ ਕਿਸਮਤ ਦਾ ਅੱਜ 35.45 ਲੱਖ ਵੋਟਰਾਂ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ਲਈ ਸੂਬੇ ਭਰ ’ਚ 1,014 ਪੋਲਿੰਗ ਬੂਥ ਬਣਾਏ ਗਏ ਹਨ ਅਤੇ 35 ਹਜ਼ਾਰ ਦੇ ਕਰੀਬ ਚੋਣ ਅਮਲਾ ਭਲਕੇ ਜਮਹੂਰੀ ਪ੍ਰਕਿਰਿਆ ’ਚ ਡਿਊਟੀ ‘ਤੇ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਨਿਬੇੜਨ ਲਈ 32 ਹਜ਼ਾਰ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ। ਇਹ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਜਾ ਰਹੀਆਂ ਹਨ, ਇਸ ਲਈ ਇਸ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਮੰਨਿਆ ਜਾ ਰਿਹਾ। ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਡਟੇ ਹੋਏ ਹਨ।
Posted inPunjab
Punjab MC Elections: ਪੰਜਾਬ ਨਗਰ ਨਿਗਮ ਅਤੇ ਕੌਂਸਲ ਲਈ ਵੋਟਿੰਗ ਜਾਰੀ, ਕਿਤੇ ਸ਼ਾਂਤੀ ਕਿਤੇ ਝੜਪ
