Kulgam Terror Attack: ਕੁਲਗਾਮ ਹਮਲੇ ’ਚਲਸ਼ਕਰ ਅਤਿਵਾਦੀ ਲਤੀਫ਼ ਭੱਟ ਦੀ ਸ਼ਮੂਲੀਅਤ; 200 ਸ਼ੱਕੀਆਂ ਤੋਂ ਪੁੱਛਗਿੱਛ

Kulgam Terror Attack: ਕੁਲਗਾਮ ਹਮਲੇ ’ਚਲਸ਼ਕਰ ਅਤਿਵਾਦੀ ਲਤੀਫ਼ ਭੱਟ ਦੀ ਸ਼ਮੂਲੀਅਤ; 200 ਸ਼ੱਕੀਆਂ ਤੋਂ ਪੁੱਛਗਿੱਛ

ਸ੍ਰੀਨਗਰ : ਬੀਤੇ ਦਿਨੀਂ ਕੁਲਗਾਮ ਵਿੱਚ ਹੋਏ ਅਤਿਵਾਦੀ ਹਮਲੇ, ਜਿਸ ਵਿੱਚ ਸੀਆਰਪੀਐਫ (CRPF) ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ, ਦੀ ਜਾਂਚ ਵਿੱਚ ਲਸ਼ਕਰ-ਏ-ਤੋਇਬਾ (LeT) ਦੇ ਅਤਿਵਾਦੀ ਮੁਹੰਮਦ ਲਤੀਫ਼ ਭੱਟ ਦੀ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ ਗਿਆ ਹੈ। ਇਹ ਖਾਸ ਜਾਣਕਾਰੀ ‘ਟ੍ਰਿਬਿਊਨ ਸਮੂਹ’ ਨੂੰ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭੱਟ ਨੇ ਬੁੱਧਵਾਰ ਨੂੰ ਕੁਲਗਾਮ ਦੇ ਅਖਰਾਨ (Akhran) ਵਿਖੇ ਇਹ ਹਮਲਾ ਕੀਤਾ ਸੀ। ਇਸ ਹਮਲੇ ਤੋਂ ਬਾਅਦ ਉਸ ਦਾ ਪਤਾ ਲਗਾਉਣ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਹਮਲੇ ਕਾਰਨ ਇੱਕ ਜਵਾਨ ਦੀ ਹਾਲਤ ਗੰਭੀਰ ਹੈ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਭੱਟ ਦੀ ਤਸਵੀਰ ਦਿਖਾਈ ਗਈ, ਜਿਨ੍ਹਾਂ ਨੇ ਉਸ ਦੀ ਪਛਾਣ ਹਮਲੇ ਵਿੱਚ ਸ਼ਾਮਲ ਅਤਿਵਾਦੀ ਵਜੋਂ ਕੀਤੀ।

‘ਟ੍ਰਿਬਿਊਨ ਸਮੂਹ’ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਭੱਟ ਸੁਰੱਖਿਆ ਬਲਾਂ ਦੀ ਨਜ਼ਰ ਹੇਠ ਸੀ ਅਤੇ ਬੁੱਧਵਾਰ ਦੇ ਹਮਲੇ ਵਿੱਚ ਉਸ ਦੇ ਸ਼ਾਮਲ ਹੋਣ ਦਾ ਸ਼ੱਕ ਸੀ। ਇਹ ਹਮਲਾ ਦੁਪਹਿਰ ਕਰੀਬ 2:15 ਵਜੇ ਉਦੋਂ ਹੋਇਆ ਜਦੋਂ ਅਤਿਵਾਦੀ ਸੰਘਣੇ ਦਰੱਖ਼ਤਾਂ ਦੇ ਝੁੰਡ ਵਿੱਚੋਂ ਨਿਕਲੇ ਅਤੇ ਸੀਆਰਪੀਐਫ ਦੀ ਚੌਕੀ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਚੌਕੀ ਸ੍ਰੀਨਗਰ ਤੋਂ ਲਗਪਗ 75 ਕਿਲੋਮੀਟਰ ਦੂਰ ਅਤੇ ਰਣਨੀਤਕ ਤੌਰ ‘ਤੇ ਅਹਿਮ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਤੋਂ ਲਗਪਗ ਇੱਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਆਰਪੀਐਫ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਭੱਟ ਨੂੰ ਮੌਕੇ ਤੋਂ ਭੱਜਣ ਲਈ ਮਜਬੂਰ ਹੋਣਾ ਪਿਆ। ਸੂਤਰਾਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਭੱਟ ਦੇ ਨਾਲ ਇੱਕ ਹੋਰ ਅਤਿਵਾਦੀ ਵੀ ਸੀ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ, ਇੱਕ ਸੀਨੀਅਰ ਅਧਿਕਾਰੀ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ ਕਿ ਪੁਲੀਸ ਨੇ ਕੁਲਗਾਮ ਵਿੱਚ ਲਗਪਗ 200 ਓਵਰਗ੍ਰਾਊਂਡ ਵਰਕਰਾਂ (OGWs) ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਇੱਕ ਅਧਿਕਾਰੀ ਨੇ ਕਿਹਾ, “ਸਾਡੀਆਂ ਸਾਰੀਆਂ ਕੋਸ਼ਿਸ਼ਾਂ ਲਤੀਫ਼ ਭੱਟ ਦਾ ਖ਼ਾਤਮਾ ਕਰਨ ਵੱਲ ਲੱਗੀਆਂ ਹੋਈਆਂ ਹਨ।” ਭੱਟ ਕਥਿਤ ਤੌਰ ‘ਤੇ ਦੱਖਣੀ ਕਸ਼ਮੀਰ ਵਿੱਚ ਪਹਿਲਾਂ ਹੋਏ ਹਮਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ, ਜਿਸ ਵਿੱਚ ਜੁਲਾਈ ਮਹੀਨੇ ਅਖਰਾਨ ਪਿੰਡ ਦੇ ਨੇੜੇ ਕੇਲਮ (Kelam) ਇਲਾਕੇ ਵਿੱਚ ਦੋ ਪਰਵਾਸੀ ਮਜ਼ਦੂਰਾਂ ‘ਤੇ ਹੋਇਆ ਹਮਲਾ ਵੀ ਸ਼ਾਮਲ ਹੈ। ਭੱਟ ਨੂੰ ਘਾਟੀ ਵਿੱਚ ਬਚਿਆ ਹੋਇਆ ਇਕਲੌਤਾ ਅਤਿਵਾਦੀ ਮੰਨਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਪੁਲੀਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਸਰਗਰਮ ਸੀ ਅਤੇ ਉਸ ਨੇ ਕਥਿਤ ਤੌਰ ‘ਤੇ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚੀ ਸੀ। ਪੁਲੀਸ ਨੇ ਇਹ ਵੀ ਕਿਹਾ ਹੈ ਕਿ ਭੱਟ ਨੂੰ ਕੁਝ ਵਿਦੇਸ਼ੀ ਅਤਿਵਾਦੀਆਂ ਦਾ ਸਮਰਥਨ ਮਿਲ ਰਿਹਾ ਸੀ।
Share: