ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਾਰਤ ਜਦੋਂ ਵੀ ਚਾਹੇਗਾ, ਅਮਰੀਕਾ ਅਤੇ ਉਹ ਹਮੇਸ਼ਾ ਉਸ ਦੀ ਮਦਦ ਲਈ ਤਿਆਰ ਰਹਿਣਗੇ। ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਵਿੱਚ ਐਤਵਾਰ ਨੂੰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਨੂੰ ਉਨ੍ਹਾਂ ਨੇ ਫ਼ੋਨ ਰਾਹੀਂ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੌਰਾਨ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਡੋਨਲਡ ਟਰੰਪ ਨੂੰ ਫ਼ੋਨ ਕਰਦਿਆਂ ਸਪੀਕਰ ਔਨ ਕੀਤਾ, ਜਿਸ ਤੋਂ ਬਾਅਦ ਟਰੰਪ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਅਤੇ ਭਾਰਤ ਨੂੰ ਪੂਰੇ ਭਰੋਸੇ ਦਾ ਵਾਅਦਾ
ਟਰੰਪ ਨੇ ਫ਼ੋਨ ’ਤੇ ਗੱਲ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਉਨ੍ਹਾਂ ‘ਤੇ 100 ਫੀਸਦੀ ਯਕੀਨ ਕਰ ਸਕਦਾ ਹੈ। ਟਰੰਪ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਨੂੰ ਕਦੇ ਵੀ ਕਿਸੇ ਮਦਦ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿੱਥੇ ਫ਼ੋਨ ਕਰਨਾ ਹੈ ਅਤੇ ਉਹ ਸਿੱਧਾ ਇੱਥੇ ਹੀ ਫ਼ੋਨ ਕਰਦੇ ਹਨ।
ਇਸ ਦੇ ਨਾਲ ਹੀ ਟਰੰਪ ਨੇ ਉੱਥੇ ਮੌਜੂਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਖਾਸ ਤੌਰ ‘ਤੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਵੱਲੋਂ ਸਤਿ ਸ੍ਰੀ ਅਕਾਲ ਕਹਿਣ ਅਤੇ ਉਨ੍ਹਾਂ ਨੂੰ ਇਹ ਜ਼ਰੂਰ ਦੱਸਣ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।
ਡੋਨਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਵੀ ਰੱਜ ਕੇ ਤਾਰੀਫ਼ ਕਰਦਿਆਂ ਕਿਹਾ ਕਿ ਮਾਰਕੋ ਸਭ ਤੋਂ ਬਿਹਤਰ ਇਨਸਾਨ ਅਤੇ ਲੀਡਰ ਹਨ। ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਵਿਦੇਸ਼ ਮੰਤਰੀ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।

