ਜੰਮੂ : ਸੁਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਲੁਕੇ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਵਾਧੂ ਸੈਨਿਕਾਂ ਦੀ ਤਾਇਨਾਤੀ ਨਾਲ ਘੇਰਾਬੰਦੀ ਹੋਰ ਮਜ਼ਬੂਤ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਚਲਾਈ ਗਈ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦਰਮਿਆਨ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਡੋਰੀਮਲ-ਗੰਭੀਰ ਮੁਗਲਾ ਬੈਲਟ ਵਿੱਚ ਮੁਹਿੰਮ ਦਾ ਦਾਇਰਾ ਵਧਾ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ, ‘‘ਡੋਰੀਮਲ-ਗੰਭੀਰ ਮੁਗਲਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਅਤੇ ਘੇਰਾਬੰਦੀ ਹੋਰ ਮਜ਼ਬੂਤ ਕੀਤੀ ਗਈ ਹੈ।’’ ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਦੀ ਭਾਲ ਵਿੱਚ ਮਦਦ ਲਈ ਵਾਧੂ ਸੁਰੱਖਿਆ ਕਰਮਚਾਰੀਆਂ ਨੂੰ ਤੁਰੰਤ ਇਲਾਕੇ ਵਿੱਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਹਰਕਤ ਬਾਰੇ ਪੁਖ਼ਤਾ ਜਾਣਕਾਰੀ ਮਿਲਣ ਤੋਂ ਬਾਅਦ ਫ਼ੌਜ, ਜੰਮੂ ਕਸ਼ਮੀਰ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਦੀ ਸਾਂਝੀ ਟੀਮ ਨੇ ਬੀਤੇ ਦਿਨ ਇਲਾਕੇ ਵਿੱਚ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦੌਰਾਨ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋ ਗਿਆ। ਦੋਵਾਂ ਪਾਸਿਆਂ ਤੋਂ ਕੁਝ ਦੇਰ ਲਈ ਗੋਲੀਬਾਰੀ ਹੋਈ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਜੰਗਲੀ ਇਲਾਕੇ ਵਿੱਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਲਾਕੇ ਵਿੱਚ ਦੋ-ਤਿੰਨ ਅਤਿਵਾਦੀਆਂ ਦੇ ਹੋਣ ਦਾ ਖਦਸ਼ਾ ਹੈ।

